ਬਠਿੰਡਾ, 10 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਦੇ ਰਾਜਪਾਲ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ ਨੇ ਯੂਨੀਵਰਸਿਟੀ ਦੇ ਤੀਜੇ ਕਨਵੋਕੇਸ਼ਨ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਨੌਜਵਾਨਾਂ ਨੂੰ 'ਵਿਕਸਿਤ ਭਾਰਤ 2047' ਦੇ ਨਿਰਮਾਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ | ਇਸ ਦੌਰਾਨ ਰਾਜਪਾਲ ਨੇ ਕੁਲ 184 ਡਿਗਰੀਆਂ ਪ੍ਰਦਾਨ ਕੀਤੀਆਂ, ਜਿਨ੍ਹਾਂ ਵਿਚ 115 ਅੰਡਰਗ੍ਰੈਜੁਏਟ, 56 ਪੋਸਟ ਗ੍ਰੈਜੂਏਟ ਅਤੇ 13 ਪੀ.ਐਚ.ਡੀ. ਡਿਗਰੀਆਂ ਸ਼ਾਮਿਲ ਹਨ | ਰਾਜਪਾਲ ਨੇ ਵਿਕਸਤ ਭਾਰਤ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਹਰੀ ਊਰਜਾ ਅਤੇ ਪੁਲਾੜ ਤਕਨਾਲੋਜੀ ਵਰਗੇ ਉੱਭਰ ਰਹੇ ਖੇਤਰਾਂ ਵਿਚ ਉੱਤਮਤਾ ਪ੍ਰਾਪਤ ਕਰਕੇ ਰਾਸ਼ਟਰ-ਨਿਰਮਾਣ ਵਿਚ ਸਰਗਰਮੀ ਨਾਲ ਯੋਗਦਾਨ ਪਾਉਣ, ਨੌਕਰੀ ਲੱਭਣ ਦੀ ਬਜਾਏ ਨੌਕਰੀ ਪੈਦਾ ਕਰਨ ਵਾਲੇ ਬਣਨ ਅਤੇ ਨਸ਼ਾ ਮੁਕਤ ਪੰਜਾਬ ਦੇ ਨਿਰਮਾਣ 'ਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ | ਉਨ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਸਿੱਖਿਆ ਦੇ ਇਤਿਹਾਸਕ ਕੇਂਦਰ ਵਜੋਂ ਦਰਸਾਇਆ ਅਤੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਵਾਂਗ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ, ਦਿ੍ੜ੍ਹ ਰਹਿਣ ਤੇ ਆਪਣੀਆਂ ਪ੍ਰਾਪਤੀਆਂ ਵਿਚ ਨਿਮਰਤਾ ਨੂੰ ਬਰਕਰਾਰ ਰੱਖਣ ਲਈ ਉਤਸ਼ਾਹਿਤ ਕੀਤਾ | ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੰਜੀਵ ਕੁਮਾਰ ਸ਼ਰਮਾ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ | ਇਸ ਮੌਕੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਡਾਇਰੈਕਟਰ ਮੋਨੀਸ਼ ਕੁਮਾਰ, ਆਈ.ਕੇ.ਜੀ.ਪੀ.ਟੀ.ਯੂ. ਦੇ ਵਾਈਸ ਚਾਂਸਲਰ ਪ੍ਰੋ. ਸੁਸ਼ੀਲ ਮਿੱਤਲ, ਕੇਂਦਰੀ ਯੂਨੀਵਰਸਿਟੀ ਘੁੱਦਾ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਤਿਵਾੜੀ, ਡਾਇਰੈਕਟਰ ਏਮਜ਼ ਡਾ. ਰਤਨ ਗੁਪਤਾ, ਰਜਿਸਟਰਾਰ ਥਾਪਰ ਯੂਨੀਵਰਸਿਟੀ ਪਟਿਆਲਾ ਡਾ. ਗੁਰਬਿੰਦਰ ਸਿੰਘ, ਪੰਜਾਬ ਯੂਨੀਵਰਸਿਟੀ ਇੰਸਟੀਚਿਊਟ ਆਫ਼ ਕੈਮੀਕਲ ਇੰਜੀਨੀਅਰਿੰਗ ਤੋਂ ਪ੍ਰੋ. ਅਨੁਪਮਾ ਸ਼ਰਮਾ, ਐਮ. ਆਰ. ਐਸ. ਪੀ. ਟੀ. ਯੂ. ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਮੋਹਨ ਪਾਲ ਸਿੰਘ ਈਸ਼ਰ ਤੇ ਡਾ. ਬੂਟਾ ਸਿੰਘ ਸਿੱਧੂ, ਉਦਯੋਗਪਤੀ ਰਾਜਿੰਦਰ ਮਿੱਤਲ, ਡੀ. ਆਈ. ਜੀ. ਹਰਜੀਤ ਸਿੰਘ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, ਐਸ.ਐਸ.ਪੀ. ਡਾ. ਜਯੋਤੀ ਯਾਦਵ ਬੈਂਸ ਆਦਿ ਮੌਜੂਦ ਸਨ | ਕਨਵੋਕੇਸ਼ਨ ਦੀ ਸ਼ੁਰੂਆਤ ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ ਦੀ ਅਗਵਾਈ 'ਚ ਹੋਈ |