ਅੰਮਿ੍ਤਸਰ,19 ਅਪ੍ਰੈਲ (ਵਿਸ਼ੇਸ਼ ਪ੍ਰਤੀਨਿੱਧ)-ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕਿ੍ਸਟੋਫਰ ਲਕਸਨ ਨੇ ਅੱਜ ਆਕਲੈਂਡ ਦੇ ਓਟਾਹੂਹੂ 'ਚ ਸਥਿਤ ਗੁਰੂ ਨਾਨਕ ਸਿੱਖ ਸੰਗਤ ਗੁਰਦੁਆਰਾ ਸਾਹਿਬ ਵਿਖੇ ਪੁੱਜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ | ਇਸ ਮੌਕੇ ਦੋਵਾਂ ਆਗੂਆਂ ਵਿਚਕਾਰ ਨਿਊਜ਼ੀਲੈਂਡ ਵਿਚ ਵੱਸਦੇ ਸਿੱਖ ਭਾਈਚਾਰੇ ਤੇ ਹੋਰ ਭਾਈਚਾਰਿਆਂ ਅੰਦਰ ਆਪਸੀ ਸਾਂਝ ਤੇ ਇਤਫ਼ਾਕ ਸੰਬੰਧੀ ਵਿਚਾਰਾਂ ਹੋਈਆਂ | ਉਨ੍ਹਾਂ ਨਿਊਜ਼ੀਲੈਂਡ ਅੰਦਰ ਸਿੱਖਾਂ ਵਲੋਂ ਇੱਥੋਂ ਦੇ ਵਿਕਾਸ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਸੰਬੰਧੀ ਵੀ ਵਿਚਾਰ ਕੀਤੇ | ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਿਊਜ਼ੀਲੈਂਡ ਸਰਕਾਰ ਵਲੋਂ ਸਿੱਖਾਂ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮਾਨਤਾ ਤੇ ਮਾਣ ਸਨਮਾਨ ਦੇਣ ਲਈ ਪ੍ਰਧਾਨ ਮੰਤਰੀ ਕਿ੍ਸਟੋਫਰ ਲਕਸਨ ਦਾ ਧੰਨਵਾਦ ਕੀਤਾ | ਉਨ੍ਹਾਂ ਪ੍ਰਧਾਨ ਮੰਤਰੀ ਲਕਸਨ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਦਾ ਸੱਦਾ ਦਿੱਤਾ ਜਿਸ ਨੂੰ ਉਨ੍ਹਾਂ ਖੁਸ਼ੀ ਨਾਲ ਪ੍ਰਵਾਨ ਕੀਤਾ | ਮੁਲਾਕਾਤ ਦੌਰਾਨ ਜਥੇਦਾਰ ਗੜਗੱਜ ਨੇ ਪ੍ਰਧਾਨ ਮੰਤਰੀ ਲਕਸਨ ਨੂੰ ਤੋਹਫੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਦਿੱਤਾ ਤੇ ਪ੍ਰਧਾਨ ਮੰਤਰੀ ਨੇ ਵੀ ਜਥੇਦਾਰ ਗੜਗੱਜ ਨੂੰ ਤੋਹਫੇ ਵਿਚ ਘੜੀ ਦਿੱਤੀ | ਇਸ ਮੌਕੇ ਟਾਕਾਨੀਨੀ ਦੀ ਸੰਸਦ ਮੈਂਬਰ ਰੀਮਾ ਨਾਕ੍ਹਲੇ, ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਤੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਬੁਲਾਰੇ ਦਲਜੀਤ ਸਿੰਘ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਮੀਡੀਆ ਸਲਾਹਕਾਰ ਜਸਕਰਨ ਸਿੰਘ ਆਦਿ ਮੌਜੂਦ ਸਨ |
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕਿ੍ਸਟੋਫਰ ਲਕਸਨ ਨੇ ਜਥੇਦਾਰ ਗੜਗੱਜ ਨਾਲ ਮੁਲਾਕਾਤ ਕੀਤੀ
ਅਜੀਤ ਡੈਸਕ
20-04-2026