ਅਬੋਹਰ, 22 ਅਪ੍ਰੈਲ (ਦਵਿੰਦਰ ਪਾਲ ਸਿੰਘ)-ਅਬੋਹਰ ਦੇ ਪਟੇਲ ਪਾਰਕ ਨੇੜੇ ਬੀਤੀ ਸ਼ਾਮ ਹੋਏ ਇਕ ਜਬਰਦਸਤ ਧਮਾਕੇ ਨਾਲ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ | ਧਮਾਕੇ ਦੀ ਤੇਜ਼ ਆਵਾਜ਼ ਸੁਣ ਕੇ ਲੋਕਾਂ ਨੂੰ ਘਰਾਂ ਤੇ ਦੁਕਾਨਾਂ ਬਾਹਰ ਆਉਣਾ ਪਿਆ | ਗਲੀ ਵਿਚ ਦੁਕਾਨਾਂ ਅਤੇ ਘਰਾਂ ਦਾ ਨੁਕਸਾਨ ਹੋ ਗਿਆ | ਘਟਨਾ ਦੌਰਾਨ ਘਰ ਦੀ ਇੱਕ ਮਹਿਲਾ ਤੇ ਇਕ ਹੋਰ ਵਿਅਕਤੀ ਅੱਗ ਦੀ ਲਪੇਟ ਵਿਚ ਆ ਗਏ | ਇਲਾਕਾ ਵਾਸੀਆਂ ਨੇ ਪਹਿਲਾਂ ਅੰਦਾਜ਼ਾ ਲਗਾਇਆ ਕਿ ਇਹ ਸਿਲੰਡਰ ਫਟਿਆ ਹੋ ਸਕਦਾ ਹੈ | ਕੁਝ ਲੋਕਾਂ ਨੇ ਸ਼ੱਕ ਜਤਾਇਆ ਕਿ ਧਮਾਕਾ ਕਿਸੇ ਵਿਸਫੋਟਕ ਪਦਾਰਥ ਦਾ ਵੀ ਹੋ ਸਕਦਾ ਹੈ | ਇਸ ਹਾਦਸੇ ਵਿਚ ਇਕ ਮਹਿਲਾ ਸਮੇਤ ਤਿੰਨ ਲੋਕ ਜ਼ਖ਼ਮੀ ਹੋਏ ਹਨ | ਮਹਿਲਾ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਰੈਫਰ ਕਰ ਦਿੱਤਾ ਗਿਆ ਹੈ | ਸਰਕਾਰੀ ਹਸਪਤਾਲ ਅਬੋਹਰ ਦੇ ਐਸ.ਐਸ.ਓ. ਸੁਰੇਸ਼ ਕੰਬੋਜ ਨੇ ਦੱਸਿਆ ਕਿ ਧਮਾਕੇ ਅਤੇ ਅੱਗ ਕਾਰਨ ਝੁਲਸੇ ਜ਼ਖ਼ਮੀਆਂ ਨੂੰ ਮੁੱਢਲੇ ਇਲਾਜ਼ ਤੋਂ ਬਾਅਦ ਰੈਫਰ ਕਰ ਦਿਤਾ ਗਿਆ ਹੈ | ਦੂਜੇ ਪਾਸੇ ਫ਼ਾਜ਼ਿਲਕਾ ਦੇ ਐਸ. ਐਸ. ਪੀ. ਗੁਰਮੀਤ ਸਿੰਘ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਦਿਆਂ ਦੱਸਿਆ ਕਿ ਇਹ ਹਾਦਸਾ ਇਕ ਗੰਨੇ ਦੀ ਰੇਹੜੀ 'ਤੇ ਲੱਗੇ ਇੰਜਣ ਜਨਰੇਟਰ ਵਿਚ ਲੱਗੀ ਅੱਗ ਅਤੇ ਉਸਦੇ ਫਟਣ ਕਾਰਨ ਹੋਇਆ ਹੈ | ਫਿਲਹਾਲ ਹਾਦਸੇ ਦੀ ਜਾਂਚ ਜਾਰੀ ਹੈ |