ਅੰਮਿ੍ਤਸਰ, 22 ਅਪ੍ਰੈਲ (ਹਰਮਿੰਦਰ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਸੇਵਾ ਮੁਕਤ ਹੋਣ ਤੋਂ ਬਾਅਦ ਹੁਣ ਸ੍ਰੀ ਹਰਿਮੰਦਰ ਸਾਹਿਬ ਦੇ ਸਮੂਹ 'ਚ ਸਥਿਤ ਆਪਣੀ ਰਿਹਾਇਸ਼ ਖ਼ਾਲੀ ਕਰਦੇ ਹੋਏ ਉਥੋਂ ਆਪਣਾ ਘਰੇਲੂ ਸਾਮਾਨ ਚੁੱਕਣਾ ਸ਼ੁਰੂ ਕਰ ਦਿੱਤਾ ਤੇ ਦਰਬਾਰ ਸਾਹਿਬ ਦੇ ਮੁਲਾਜ਼ਮਾਂ ਵਲੋਂ ਸਮੂਹ ਦੇ ਬਾਹਰ ਬੈਰੀਕੇਡਾਂ 'ਤੇ ਉਨ੍ਹਾਂ ਦੇ ਸਾਮਾਨ ਦੀ ਚੈਕਿੰਗ ਕੀਤੇ ਜਾਣ ਦੀ ਗਿਆਨੀ ਰਘਬੀਰ ਸਿੰਘ ਵਲੋਂ ਇਤਰਾਜ਼ ਪ੍ਰਗਟ ਕੀਤਾ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਉਨ੍ਹਾਂ ਦੀ ਰਿਹਾਇਸ਼ ਸ੍ਰੀ ਹਰਿਮੰਦਰ ਸਾਹਿਬ ਸਮੂਹ 'ਚ ਸੇਵਾ ਕਰਨ ਦੌਰਾਨ ਅਲਾਟ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਵੀ ਸੇਵਾ ਦੌਰਾਨ 2017 'ਚ ਇਹ ਰਿਹਾਇਸ਼ ਅਲਾਟ ਕੀਤੀ ਗਈ ਸੀ | ਸਮੇਂ ਅਨੁਸਾਰ ਜਦੋਂ ਸੇਵਾ ਮੁਕਤ ਹੁੰਦਾ ਹੈ ਉਸ ਨੂੰ ਰਿਹਾਇਸ਼ ਖ਼ਾਲੀ ਕਰਨੀ ਪੈਂਦੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਮਾਨ ਦੀ ਸ਼ੋ੍ਰਮਣੀ ਕਮੇਟੀ ਦੇ ਮੁਲਾਜ਼ਮਾਂ ਵਲੋਂ ਬਾਹਰ ਗੇਟ 'ਤੇ ਚੈਕਿੰਗ ਕੀਤੀ ਜਾ ਰਹੀ ਜੋ ਸਰਾਸਰ ਗ਼ਲਤ ਹੈ | ਉਨ੍ਹਾਂ ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧਾਂ ਬਾਰੇ ਕਿਹਾ ਕਿ ਇਸ ਵੇਲੇ ਮਰਿਆਦਾ ਦੀ ਬਹੁਤ ਵੱਡੀ ਉਲੰਘਣਾ ਹੋ ਰਹੀ ਹੈ | ਜਿਸ ਦਾ ਖ਼ਮਿਆਜ਼ਾ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣਾ ਪਵੇਗਾ | ਇਸ ਸਬੰਧ ਵਿਚ ਸ੍ਰੀ ਦਰਬਾਰ ਸਾਹਿਬ ਮੈਨੇਜਰ ਭਗਵੰਤ ਸਿੰਘ ਧੰਗੇੜਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਗਿਆਨੀ ਰਘਬੀਰ ਸਿੰਘ ਦੇ ਸਾਮਾਨ ਦੀ ਕੋਈ ਤਲਾਸ਼ੀ ਨਹੀਂ ਲਈ ਗਈ | ਉਨ੍ਹਾਂ ਕਿਹਾ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਬਾਹਰਵਾਰ ਤਿੰਨ ਰਸਤਿਆਂ 'ਤੇ ਬੈਰੀਕੇਡ ਲਗਾਏ ਗਏ ਹਨ | ਇਥੇ ਤਾਇਨਾਤ ਮੁਲਾਜ਼ਮਾਂ ਦੀ ਡਿਊਟੀ ਹੈ ਕਿ ਇਨ੍ਹਾਂ ਰਸਤਿਆਂ ਰਾਹੀਂ ਆਉਣ ਵਾਲੇ ਸਾਮਾਨ ਦੀ ਨਜ਼ਰਸਾਨੀ ਕਰਨ |