ਸੁਲਤਾਨਪੁਰ (ਯੂ.ਪੀ.), 22 ਅਪ੍ਰੈਲ (ਏਜੰਸੀ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਸੰਬੰਧਿਤ ਮਾਣਹਾਨੀ ਦੇ ਮਾਮਲੇ 'ਚ ਬੁੱਧਵਾਰ ਨੂੰ ਦਲੀਲਾਂ ਸੁਣੀਆਂ ਗਈਆਂ, ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਐਮ.ਪੀ.-ਐਮ.ਐਲ.ਏ. ਅਦਾਲਤ ਨੇ ਆਪਣਾ ਹੁਕਮ 2 ਮਈ ਲਈ ਰਾਖਵਾਂ ਰੱਖ ਲਿਆ | ਐਮ.ਪੀ.-ਐਮ.ਐਲ.ਏ. ਅਦਾਲਤ ਦੇ ਸਾਹਮਣੇ ਸੁਣਵਾਈ ਅਪਰਾਧਿਕ ਪ੍ਰਕਿਰਿਆ ਜ਼ਾਬਤਾ (ਸੀ.ਆਰ.ਪੀ.ਸੀ.) ਦੀ ਧਾਰਾ 311 (ਜੋ ਅਦਾਲਤ ਨੂੰ ਮੁਕੱਦਮੇ ਦੇ ਕਿਸੇ ਵੀ ਪੜਾਅ 'ਤੇ ਕਿਸੇ ਵੀ ਗਵਾਹ ਨੂੰ ਬੁਲਾਉਣ ਜਾਂ ਵਾਪਸ ਬੁਲਾਉਣ ਦਾ ਅਧਿਕਾਰ ਦਿੰਦੀ ਹੈ) ਤਹਿਤ ਦਾਇਰ ਅਰਜ਼ੀ 'ਤੇ ਕੇਂਦਿ੍ਤ ਸੀ, ਜਿਸ ਵਿਚ ਦੋਵਾਂ ਧਿਰਾਂ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ | ਰਾਹੁਲ ਗਾਂਧੀ ਦੇ ਵਕੀਲ ਕਾਸ਼ੀ ਪ੍ਰਸਾਦ ਸ਼ੁਕਲਾ ਨੇ ਕਿਹਾ ਕਿ ਅਦਾਲਤ ਨੇ ਸ਼ਿਕਾਇਤਕਰਤਾ ਦੇ ਵਕੀਲ ਸੰਤੋਸ਼ ਕੁਮਾਰ ਪਾਂਡੇ ਦੁਆਰਾ ਦਾਇਰ ਪਟੀਸ਼ਨ 'ਤੇ ਦਲੀਲਾਂ ਸੁਣੀਆਂ ਅਤੇ ਆਪਣੇ ਹੁਕਮ ਦੇ ਐਲਾਨ ਲਈ 2 ਮਈ ਦੀ ਤਰੀਕ ਤੈਅ ਕੀਤੀ | ਇਸ ਮਾਮਲੇ 'ਚ ਪਿਛਲੀ ਸੁਣਵਾਈ 17 ਅਪ੍ਰੈਲ ਨੂੰ ਹੋਈ ਸੀ |