ਅੰਮਿ੍ਤਸਰ, 22 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਪੰਜਾਬ ਯੂਨੀਵਰਸਿਟੀ ਲਾਹੌਰ ਵਿਖੇ ਵਿਦਿਆਰਥੀਆਂ ਵਲੋਂ ਭਾਰੀ ਉਤਸ਼ਾਹ ਨਾਲ ਹੋਲੀ ਮਨਾਈ ਗਈ | ਲਹਿੰਦੇ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਪੰਜਾਬ ਯੂਨੀਵਰਸਿਟੀ ਵਿਖੇ ਹੋਲੀ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਇਸ ਸਮਾਗਮ ਨੂੰ ਪੰਜਾਬ ਦੀ ਵਿਭਿੰਨਤਾ, ਸਮਾਵੇਸ਼ ਤੇ ਅੰਤਰ-ਧਰਮ ਸਦਭਾਵਨਾ ਦੇ ਵਧ ਰਹੇ ਸੱਭਿਆਚਾਰ ਦਾ ਪ੍ਰਤੀਬਿੰਬ ਦੱਸਿਆ | ਦੱਸਣਯੋਗ ਹੈ ਕਿ ਪਹਿਲੀ ਵਾਰ ਕਿਸੇ ਸੂਬਾਈ ਮੰਤਰੀ ਨੇ ਸਿੰਧ ਸਟੂਡੈਂਟਸ ਕਲੈਕਟਿਵ ਵਲੋਂ ਯੂਨੀਵਰਸਿਟੀ ਕੈਂਪਸ 'ਚ ਹੋਲੀ ਸਮਾਰੋਹ ਵਿਚ ਹਿੱਸਾ ਲਿਆ | ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਅਰੋੜਾ ਨੇ ਕਿਹਾ ਕਿ ਇਹ ਸਮਾਗਮ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਦੇ ਸਮਾਵੇਸ਼ੀ ਦਿ੍ਸ਼ਟੀਕੋਣ ਨੂੰ ਦਰਸਾਉਂਦਾ ਹੈ, ਜਿਸ ਤਹਿਤ ਸਾਰੇ ਨਾਗਰਿਕਾਂ ਲਈ ਬਰਾਬਰ ਮੌਕੇ ਯਕੀਨੀ ਬਣਾਉਣ ਲਈ ਸੂਬੇ ਭਰ 'ਚ ਅੰਤਰ-ਧਰਮ ਸਦਭਾਵਨਾ ਨੂੰ ਸਰਗਰਮੀ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਅਰੋੜਾ ਨੇ ਇਹ ਵੀ ਕਿਹਾ ਕਿ ਪਾਕਿ ਨੇ ਇਸ ਸਾਲ ਵਿਸਾਖੀ ਦੌਰਾਨ 6,000 ਤੋਂ ਵੱਧ ਸਿੱਖ ਸ਼ਰਧਾਲੂਆਂ ਦੀ ਮੇਜ਼ਬਾਨੀ ਕੀਤੀ | ਉਨ੍ਹਾਂ ਕਿਹਾ ਕਿ ਹੋਲੀ ਸਮਾਗਮ 'ਚ ਉਨ੍ਹਾਂ ਦੀ ਭਾਗੀਦਾਰੀ ਦਾ ਉਦੇਸ਼ ਘੱਟ ਗਿਣਤੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨਾਲ ਏਕਤਾ ਪ੍ਰਗਟ ਕਰਨਾ ਹੈ | ਇਸ ਮੌਕੇ ਫ਼ਿਲਮ ਤੇ ਪ੍ਰਸਾਰਨ ਵਿਭਾਗ ਦੀ ਚੇਅਰਪਰਸਨ ਡਾ: ਲੁਬਨਾ ਜ਼ਹੀਰ ਵੀ ਮੌਜੂਦ ਸਨ | ਮੌਜੂਦਾ ਸਮੇਂ ਪੰਜਾਬ ਯੂਨੀਵਰਸਿਟੀ 'ਚ ਲਗਭਗ 100 ਹਿੰਦੂ ਤੇ ਸਿੱਖ ਵਿਦਿਆਰਥੀ ਦਾਖਲ ਹਨ, ਜਦੋਂ ਕਿ ਘੱਟ ਗਿਣਤੀ ਭਾਈਚਾਰਿਆਂ ਦੇ ਕਈ ਸੌ ਵਿਦਿਆਰਥੀ ਕੈਂਪਸ 'ਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ |