ਅੰਮਿ੍ਤਸਰ, 22 ਅਪ੍ਰੈਲ (ਜਸਵੰਤ ਸਿੰਘ ਜੱਸ)-ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਵਲੋਂ ਕਾਰ ਸੇਵਾ ਵਾਲੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ ਤੇ ਬਾਬਾ ਗੁਰਵਿੰਦਰ ਸਿੰਘ ਨਾਲ ਆਧੁਨਿਕ ਸਹੂਲਤਾਂ ਵਾਲੀ ਉਸਾਰੀ ਅਧੀਨ ਐੱਨ. ਆਰ. ਆਈ. ਨਿਵਾਸ ਸਬੰਧੀ ਵਿਚਾਰ ਚਰਚਾ ਕੀਤੀ | ਜਾਣਕਾਰੀ ਦਿੰਦਿਆਂ ਸ. ਸੋਹੀ ਨੇ ਕਿਹਾ ਕਿ ਤਖਤ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਲਈ ਆਧੁਨਿਕ ਅਤੇ ਸੁਵਿਧਾਜਨਕ ਰਿਹਾਇਸ਼ ਦੇ ਪ੍ਰਬੰਧ ਹੋਰ ਬਿਹਤਰ ਬਣਾਉਣ ਲਈ ਵੱਡੇ ਕਾਰਜ ਕੀਤੇ ਜਾ ਰਹੇ ਹਨ | ਇਸ ਸੰਦਰਭ ਵਿਚ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਸੁਖਵਿੰਦਰ ਸਿੰਘ ਤੇ ਬਾਬਾ ਗੁਰਵਿੰਦਰ ਸਿੰਘ ਵਲੋਂ ਤਿਆਰ ਕੀਤੀ ਜਾ ਰਹੀ ਐੱਨ.ਆਰ.ਆਈ. ਮਾਤਾ ਸੁੰਦਰੀ ਜੀ ਨਿਵਾਸ ਦੀ ਇਮਾਰਤ ਦਾ ਢਾਂਚਾ ਤਿਆਰ ਹੋ ਚੁੱਕਾ ਹੈ | ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਸਬੰਧੀ ਅੱਜ ਮਹਾਂਪੁਰਸ਼ਾਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ | ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਕੱਤਰਤਾ ਵਿਚ ਸ਼ਮੂਲੀਅਤ ਕੀਤੀ | ਬਾਬਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੀ ਇਕੱਤਰਤਾ ਵਿਚ ਮਾਤਾ ਸੁੰਦਰੀ ਜੀ ਐੱਨ.ਆਰ. ਆਈ. ਨਿਵਾਸ ਦੇ ਐਲੀਵੇਸ਼ਨ, ਵਾਤਾਅਨੁਕੂਲ ਪ੍ਰਣਾਲੀ, ਸੁਰੱਖਿਆ ਉੱਪਕਰਨ ਅਤੇ ਲਿਫਟਾਂ ਦੀ ਸਥਾਪਨਾ ਸੰਬੰਧੀ ਤਕਨੀਕੀ ਵਿਚਾਰ-ਚਰਚਾ ਕੀਤੀ ਗਈ ਹੈ | ਇਕੱਤਰਤਾ ਵਿਚ ਪ੍ਰਬੰਧਕੀ ਬੋਰਡ ਦੇ ਮੀਤ ਪ੍ਰਧਾਨ ਗੁਰਿੰਦਰ ਸਿੰਘ, ਸੁਮੀਤ ਸਿੰਘ ਕਲਸੀ, ਬਾਬਾ ਗੁਰਵਿੰਦਰ ਸਿੰਘ, ਬਾਬਾ ਰਾਜਨ ਸਿੰਘ, ਬਾਬਾ ਅਰਸ਼ਦੀਪ ਸਿੰਘ, ਦੀਪਕ ਲਾਂਬਾ, ਇੰਜੀਨੀਅਰ ਮਨਪ੍ਰੀਤ ਸਿੰਘ ਅਤੇ ਜਥੇਦਾਰ ਸੁਨੀਲ ਸਿੰਘ ਵੀ ਹਾਜ਼ਰ ਸਨ |