ਅੰਮਿ੍ਤਸਰ, 23 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਧਾਰਮਿਕ ਆਜ਼ਾਦੀ ਹਮੇਸ਼ਾ ਖ਼ਤਰੇ 'ਚ ਰਹੀ ਹੈ | ਇਸ ਬਾਰੇ ਜਾਰੀ ਰਿਪੋਰਟ 'ਚ ਸੰਯੁਕਤ ਰਾਸ਼ਟਰ ਦੇ ਮਾਹਿਰਾਂ ਨੇ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਪਾਕਿ 'ਚ ਘੱਟ ਗਿਣਤੀ ਭਾਈਚਾਰਿਆਂ (ਖ਼ਾਸ ਕਰਕੇ ਹਿੰਦੂਆਂ) ਦੀਆਂ ਔਰਤਾਂ ਅਤੇ ਕੁੜੀਆਂ ਦੇ ਅਗਵਾ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ | ਰਿਪੋਰਟ 'ਚ ਦੱਸਿਆ ਗਿਆ ਕਿ ਸਾਲ 2025 'ਚ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਗੈਰ-ਧਰਮ 'ਚ ਵਿਆਹ ਨਾਲ ਸੰਬੰਧਿਤ ਮਾਮਲਿਆਂ 'ਚ ਪ੍ਰਭਾਵਿਤ ਔਰਤਾਂ ਅਤੇ ਕੁੜੀਆਂ 'ਚੋਂ ਲਗਭਗ 75 ਫ਼ੀਸਦੀ ਹਿੰਦੂ ਸਨ ਅਤੇ 25 ਫ਼ੀਸਦੀ ਈਸਾਈ ਸਨ | ਰਿਪੋਰਟ ਕੀਤੀਆਂ ਘਟਨਾਵਾਂ 'ਚੋਂ ਲਗਭਗ 80 ਫ਼ੀਸਦੀ ਸਿੰਧ ਪ੍ਰਾਂਤ 'ਚ ਵਾਪਰੀਆਂ | ਮਾਹਿਰਾਂ ਨੇ ਅੱਗੇ ਕਿਹਾ ਕਿ 14 ਤੋਂ 18 ਸਾਲ ਦੀ ਉਮਰ ਦੀਆਂ ਨਾਬਾਲਗ ਕੁੜੀਆਂ ਨੂੰ ਖ਼ਾਸ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ | ਰਿਪੋਰਟ 'ਚ ਪਾਕਿ ਸਰਕਾਰ ਨੂੰ ਜ਼ਬਰਦਸਤੀ ਧਰਮ ਤਬਦੀਲੀ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਅਤੇ ਸਾਰੇ ਸੂਬਿਆਂ 'ਚ ਵਿਆਹ ਲਈ ਘੱਟੋ-ਘੱਟ 18 ਸਾਲ ਦੀ ਉਮਰ ਨਿਰਧਾਰਿਤ ਕਰਨ ਦੀ ਅਪੀਲ ਦੁਹਰਾਈ ਗਈ ਹੈ |
ਪਾਕਿ 'ਚ ਜਬਰੀ ਧਰਮ ਪਰਿਵਰਤਨ ਮਾਮਲਿਆਂ 'ਚ 75 ਫ਼ੀਸਦੀ ਪੀੜਤ ਹਿੰਦੂ <br/>
ਅਜੀਤ ਡੈਸਕ
24-04-2026