ਅੰਮਿ੍ਤਸਰ, 23 ਅਪ੍ਰੈਲ (ਰੇਸ਼ਮ ਸਿੰਘ)- ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਨੇ ਫਿਰੋਜ਼ਪੁਰ ਦੇ ਰਹਿਣ ਵਾਲੇ ਤਿੰਨ ਮੁਲਜ਼ਮਾਂ ਨੂੰ 915 ਗ੍ਰਾਮ ਆਈ.ਸੀ.ਈ. (ਮੈਥਾਮਫੇਟਾਮਾਈਨ) ਅਤੇ 5 ਅਤਿ ਆਧੁਨਿਕ ਪਿਸਤੌਲਾਂ ਸਮੇਤ ਗਿ੍ਫ਼ਤਾਰ ਕਰਕੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ | ਇਹ ਪ੍ਰਗਟਾਵਾ ਅੱਜ ਇਥੇ ਪੁਲਿਸ ਲਾਈਨ ਵਿਖੇ ਪੁਲ਼ਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ, ਜਿਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੁੱਖਾ (21), ਸੋਲਾ ਸਿੰਘ ਉਰਫ਼ ਸੋਨੂੰ (29) ਅਤੇ ਕਰਨ ਸਿੰਘ (22) ਸਾਰੇ ਵਾਸੀ ਪਿੰਡ ਸਾਹਾਂਕੇ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ | ਇਨ੍ਹਾਂ ਕੋਲੋਂ ਬਰਾਮਦ ਪਿਸਤੌਲਾਂ ਵਿਚ ਦੋ 9 ਐੱਮ.ਐੱਮ. ਗਲੌਕ ਅਤੇ ਤਿੰਨ .30 ਬੋਰ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਸ਼ਾਮਲ ਹਨ | ਭੁੱਲਰ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿ੍ਫ਼ਤਾਰ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿਚ ਸਨ ਅਤੇ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੀਆਂ ਜਾਂਦੀਆਂ ਨਸ਼ਿਆਂ/ਹਥਿਆਰਾਂ ਦੀਆਂ ਖੇਪਾਂ ਪ੍ਰਾਪਤ ਕਰ ਰਹੇ ਸਨ | ਇਹ ਖੇਪਾਂ ਪ੍ਰਾਪਤ ਕਰਕੇ ਫਿਰ ਵੱਖ-ਵੱਖ ਖੇਤਰਾਂ ਵਿਚ ਇਸ ਦੀ ਸਪਲਾਈ ਕਰਦੇ ਸਨ | ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ, ਏ.ਡੀ.ਸੀ.ਪੀ. ਜਗਵਿੰਦਰ ਸਿੰਘ ਸੰਧੂ, ਏ.ਸੀ.ਪੀ. ਹਰਮਿੰਦਰ ਸਿੰਘ ਤੇ ਇੰਸ: ਅਮੋਲਕਦੀਪ ਸਿੰਘ ਆਦਿ ਵੀ ਹਾਜ਼ਰ ਸਨ |
ਆਈਸ ਡਰੱਗ ਤੇ 5 ਪਿਸਤੌਲਾਂ ਸਮੇਤ 3 ਮੁਲਜ਼ਮ ਕਾਬੂ <br/>
ਅਜੀਤ ਡੈਸਕ
24-04-2026