ਜਲੰਧਰ, 2 ਮਈ (ਜਸਪਾਲ ਸਿੰਘ)-ਹਾਲ ਹੀ 'ਚ 'ਰਿਪੋਰਟਰਜ਼ ਵਿਦਾਊਟ ਬਾਰਡਰ-2026' ਦੀ ਜਾਰੀ ਇਕ ਰਿਪੋਰਟ 'ਚ ਪ੍ਰੈੱਸ ਦੀ ਆਜ਼ਾਦੀ ਸੰਬੰਧੀ ਕੀਤੇ ਗਏ ਖੁਲਾਸੇ ਦੇਸ਼ ਦੀ ਜਮਹੂਰੀਅਤ ਤੇ ਪ੍ਰੈੱਸ ਦੀ ਆਜ਼ਾਦੀ ਲਈ ਬੇਹੱਦ ਚਿੰਤਾਜ਼ਨਕ ਹਨ | ਪ੍ਰੈੱਸ ਦੀ ਆਜ਼ਾਦੀ ਦੇ ਪੱਖ ਤੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਭਰ ਦੇ 180 ਮੁਲਕਾਂ 'ਚ ਭਾਰਤ ਪਿਛਲੇ ਸਾਲ ਦੇ ਮੁਕਾਬਲੇ 151ਵੇਂ ਸਥਾਨ ਤੋਂ ਖਿਸਕ ਕੇ ਹੁਣ 157ਵੇਂ ਸਥਾਨ 'ਤੇ ਜਾ ਪੁੱਜਾ ਹੈ | ਦੇਸ਼ 'ਚ ਪ੍ਰੈੱਸ ਦੀ ਆਜ਼ਾਦੀ ਦਾ ਲਗਾਤਾਰ ਗਲਾ ਘੁਟਿਆ ਜਾ ਰਿਹਾ ਹੈ ਤੇ ਜੇਕਰ ਇਹ ਵਰਤਾਰਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਇਹ ਦੇਸ਼ ਦੀ ਲੋਕਤੰਤਰੀ ਪਰੰਪਰਾ ਅਤੇ ਮੀਡੀਆ ਦੀ ਆਜ਼ਾਦੀ ਵੀ ਖਤਰੇ 'ਚ ਜਾ ਸਕਦੀ ਹੈ | ਇਸ ਸੰਬੰਧੀ ਗੱਲ ਕਰਦਿਆਂ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਸੰਬੰਧੀ ਜਾਰੀ ਅੰਕੜੇ ਬਿਨਾਂ ਸ਼ੱਕ ਦੇਸ਼ ਦੇ ਧਰਮ ਨਿਰਪੱਖ ਤੇ ਜਮਹੂਰੀਅਤ ਪਸੰਦ ਲੋਕਾਂ ਲਈ ਚਿੰਤਾਜਨਕ ਤੇ ਕੰਨ ਖੋਲ੍ਹਣ ਵਾਲੇ ਹਨ | ਉਨ੍ਹਾਂ ਕਿਹਾ ਕਿ ਪ੍ਰੈੱਸ ਨੂੰ ਲੋਕਤੰਤਰ ਦਾ ਚੌਥਾ ਥੰਮ ਹੈ ਪਰ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਸਮੇਂ ਦੀਆਂ ਸਰਕਾਰਾਂ ਵਲੋਂ ਮੀਡੀਆ 'ਤੇ ਬੰਦਿਸ਼ਾਂ ਲਗਾਈਆਂ ਜਾ ਰਹੀਆਂ ਹਨ ਤੇ ਇਸ ਨੂੰ ਆਪਣੇ ਹਿੱਤਾਂ ਲਈ ਵਰਤਣ ਦੇ ਯਤਨ ਕੀਤੇ ਜਾ ਰਹੇ ਹਨ, ਉਹ ਕਿਸੇ ਵੀ ਜਮਹੂਰੀ ਦੇਸ਼ ਲਈ ਘਾਤਕ ਹਨ | ਉਨ੍ਹਾਂ ਕਿਹਾ ਕਿ ਮੀਡੀਆ ਨੂੰ ਰਚਨਾਤਮਕ ਆਲੋਚਨਾ ਦਾ ਹੱਕ ਹੈ ਤੇ ਅਜਿਹੀ ਆਲੋਚਨਾ ਕਿਸੇ ਵੀ ਮੁਲਕ ਦੀ ਜਮਹੂਰੀਅਤ ਨੂੰ ਮਜ਼ਬੂਤ ਕਰਨ 'ਚ ਅਹਿਮ ਰੋਲ ਅਦਾ ਕਰ ਸਕਦੀ ਹੈ | ਪੰਜਾਬ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਤੇ ਉੱਘੇ ਲੇਖਕ ਅਤੇ ਚਿੰਤਕ ਡਾ. ਲਖਵਿੰਦਰ ਸਿੰਘ ਜੌਹਲ ਨੇ ਵੀ ਕਿਹਾ ਕਿ ਪ੍ਰੈੱਸ ਫਰੀਡਮ ਇਨਡੈਕਸ ਦੇ ਮਾਮਲੇ 'ਚ ਭਾਰਤ ਦਾ ਪਾਕਿਸਤਾਨ ਤੇ ਬੰਗਲਾਦੇਸ਼ ਵਰਗੇ ਮੁਲਕਾਂ ਤੋਂ ਵੀ ਹੇਠਾਂ ਚਲੇ ਜਾਣਾ ਬਹੁਤ ਹੀ ਚਿੰਤਾਜਨਕ ਰੁਝਾਣ ਹੈ, ਜਿਸ ਨੂੰ ਰੋਕਣ ਲਈ ਜਮਹੂਰੀਅਤ ਤੇ ਧਰਮ ਨਿਰਪੱਖ ਤਾਕਤਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ |