ਅੰਮਿ੍ਤਸਰ, 2 ਮਈ (ਜਸਵੰਤ ਸਿੰਘ ਜੱਸ)-ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਮਹਾਨ ਸਿੱਖ ਜਰਨੈਲ ਸ. ਹਰੀ ਸਿੰਘ ਨਲਵਾ ਦੇ ਜੀਵਨ 'ਤੇ ਫ਼ਿਲਮ ਬਣਾਉਣ ਲਈ ਮੁੰਬਈ ਦੀ ਇੱਕ ਨਾਮਵਰ ਫ਼ਿਲਮ ਨਿਰਮਾਣ ਕੰਪਨੀ ਭਾਨੂਸ਼ਾਲੀ ਸਟੂਡੀਓ ਲਿਮ. ਵਲੋਂ ਪ੍ਰਵਾਨਗੀ ਲਈ ਪੁੱਜੀ ਮੰਗ ਨੂੰ ਅਪ੍ਰਵਾਨ ਕਰ ਦਿੱਤਾ ਹੈ | ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਜਥੇਦਾਰ ਗੜਗੱਜ ਨੇ ਕਿਹਾ ਹੈ ਕਿ ਹਾਲ ਹੀ ਵਿਚ 28 ਦਸੰਬਰ 2025 ਨੂੰ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਪੁਰਾਤਨ ਸਿੱਖ ਯੋਧਿਆਂ 'ਤੇ ਫ਼ਿਲਮਾਂ/ਐਨੀਮੇਸ਼ਨ ਫ਼ਿਲਮਾਂ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵੀਡੀਓ ਨਹੀਂ ਬਣਾਈਆ ਜਾ ਸਕਦੀਆਂ | ਉਨ੍ਹਾਂ ਕਿਹਾ ਕਿ ਸ. ਨਲਵਾ ਵੀ ਪੁਰਾਤਨ ਸਿੱਖ ਯੋਧਿਆਂ ਦੀ ਸ਼੍ਰੇਣੀ ਵਿਚ ਆਉਂਦੇ ਹਨ, ਇਸ ਲਈ ਉਨ੍ਹਾਂ ਦੇ ਜੀਵਨ 'ਤੇ ਫ਼ਿਲਮ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁੰਬਈ ਉਕਤ ਫ਼ਿਲਮ ਨਿਰਮਾਣ ਕੰਪਨੀ ਦੇ ਕੋ-ਪ੍ਰੋਡਿਊਸਰ ਸ੍ਰੀ ਭਾਵੇਸ਼ ਭਾਨੂੰਸ਼ਾਲੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਉਨ੍ਹਾਂ ਦਾ ਫ਼ਿਲਮ ਨਿਰਮਾਣ ਹਾਊਸ ਮਹਾਨ ਸਿੱਖ ਯੋਧੇ ਸਰਦਾਰ ਹਰੀ ਸਿੰਘ ਨਲਵਾ ਦੇ ਜੀਵਨ 'ਤੇ ਫ਼ਿਲਮ ਬਣਾਉਣਾ ਚਾਹੁੰਦਾ ਹੈ ਤੇ ਇਸ ਲਈ ਉਹ ਉਨ੍ਹਾਂ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਵਿਚਾਰ ਕਰਨਾ ਚਾਹੁੰਦੇ ਹਨ | ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਕਿਹਾ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ ਭਾਨੂਸ਼ਾਲੀ ਸਟੂਡੀਓ ਲਿਮਿ. ਕੋ-ਪ੍ਰੋਡਿਊਸਰ ਨੂੰ ਲਿਖਤੀ ਤੌਰ 'ਤੇ ਇਹ ਜਾਣਕਾਰੀ ਭੇਜ ਦਿੱਤੀ ਗਈ ਹੈ ਕਿ ਸਿੱਖ ਯੋਧੇ ਸ. ਨਲਵਾ ਦੇ ਜੀਵਨ 'ਤੇ ਫ਼ਿਲਮ ਨਹੀਂ ਬਣਾਈ ਜਾ ਸਕਦੀ |