ਚੰਡੀਗੜ੍ਹ, 2 ਮਈ, 2026 (ਅਜੀਤ ਬਿਊਰੋ)-ਸਥਾਨਕ ਸਰਕਾਰਾਂ, ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਅੱਜ ਗੁਰਦੇਵ ਨਗਰ ਸਥਿਤ ਆਪਣੇ ਨਿਵਾਸ ਸਥਾਨ ਵਿਖੇ ਡਿਜੀਟਲ ਜਨਗਣਨਾ-2027 ਤਹਿਤ ਆਪਣੇ ਰਿਹਾਇਸ਼ੀ ਵੇਰਵੇ ਸਵੈ-ਗਣਨਾ ਰਾਹੀਂ ਦਰਜ ਕਰਕੇ ਸੂਬੇ ਦੇ ਵਸਨੀਕਾਂ ਨੂੰ ਵੀ ਅਜਿਹਾ ਕਰਨ ਦੀ ਸਲਾਹ ਦਿੱਤੀ | ਇਹ ਆਖਦਿਆਂ ਕਿ ਇਹ ਪਹਿਲੀ ਵਾਰ ਹੈ ਕਿ ਜਨਗਣਨਾ ਡਿਜੀਟਲ ਢੰਗ ਰਾਹੀਂ ਕੀਤੀ ਜਾ ਰਹੀ ਹੈ, ਕੈਬਨਿਟ ਮੰਤਰੀ ਅਰੋੜਾ ਨੇ ਵਸਨੀਕਾਂ ਨੂੰ ਵੱਧ ਤੋਂ ਵੱਧ ਇਸ ਅਭਿਆਸ ਵਿਚ ਹਿੱਸਾ ਲੈਣ ਤੇ ਆਨਲਾਈਨ ਪੋਰਟਲ se.census.gov.in 'ਤੇ ਜਾ ਕੇ ਸਵੈ-ਗਣਨਾ ਰਾਹੀਂ ਆਪਣੇ ਰਿਹਾਇਸ਼ੀ ਵੇਰਵੇ ਦਰਜ ਕਰਨ ਦੀ ਅਪੀਲ ਕੀਤੀ | ਡਿਜੀਟਲ ਜਨਗਣਨਾ 2027 - ਘਰਾਂ ਦੇ ਸੂਚੀਕਰਨ ਅਤੇ ਰਿਹਾਇਸ਼ੀ ਜਨਗਣਨਾ ਦੇ ਪਹਿਲੇ ਪੜਾਅ ਤਹਿਤ, ਰਾਜ ਵਿਚ ਸਵੈ-ਗਣਨਾ 30 ਅਪ੍ਰੈਲ ਨੂੰ ਸ਼ੁਰੂ ਹੋਈ ਸੀ ਅਤੇ ਇਹ 14 ਮਈ, 2026 ਤੱਕ ਜਾਰੀ ਰਹੇਗੀ | ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਆਖਰੀ ਜਨਗਣਨਾ 2011 ਵਿਚ ਹੋਈ ਸੀ ਤੇ ਹੁਣ ਇਹ ਪਹਿਲੀ ਵਾਰ ਹੈ ਕਿ ਜਨਗਣਨਾ ਡਿਜੀਟਲ ਰੂਪ ਵਿਚ ਕੀਤੀ ਜਾ ਰਹੀ ਹੈ | ਵਸਨੀਕਾਂ ਨੂੰ ਵੱਡੀ ਗਿਣਤੀ ਵਿਚ ਹਿੱਸਾ ਲੈਣ ਤੇ ਸਹੀ ਜਾਣਕਾਰੀ ਜਮ੍ਹ ਕਰਾਉਣ ਦੀ ਅਪੀਲ ਕਰਦਿਆਂ ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਇਹ ਜਾਣਕਾਰੀ ਸਰਕਾਰ ਨੂੰ ਨਿਵਾਸੀਆਂ ਲਈ ਨੀਤੀਆਂ ਅਤੇ ਹੋਰ ਭਲਾਈ ਯੋਜਨਾਵਾਂ ਬਣਾਉਣ ਵਿੱਚ ਮਦਦ ਕਰਦੀ ਹੈ | ਇਸ ਮੌਕੇ ਨਗਰ ਨਿਗਮ ਕਮਿਸ਼ਨਰ-ਕਮ-ਪ੍ਰਧਾਨ ਜਨਗਣਨਾ ਅਧਿਕਾਰੀ ਡਾ. ਨੀਰੂ ਕਟਿਆਲ ਗੁਪਤਾ, ਸੰਯੁਕਤ ਕਮਿਸ਼ਨਰ-ਕਮ-ਸ਼ਹਿਰੀ ਜਨਗਣਨਾ ਅਧਿਕਾਰੀ ਵਿਨੀਤ ਕੁਮਾਰ, ਡਿਪਟੀ ਡਾਇਰੈਕਟਰ (ਜਨਗਣਨਾ) ਪੰਜਾਬ ਡਾ. ਰੁਚੀ ਗੁਪਤਾ, ਸਹਾਇਕ ਡਾਇਰੈਕਟਰ (ਜਨਗਣਨਾ ਆਪਰੇਸ਼ਨਜ਼) ਰੇਣੂ, ਸਹਾਇਕ ਕਮਿਸ਼ਨਰ-ਕਮ-ਚਾਰਜ ਅਧਿਕਾਰੀ ਜਸਦੇਵ ਸੇਖੋਂ, ਸੁਪਰਡੈਂਟ ਤਰੁਣ ਗੋਇਲ, ਅੰਕੜਾ ਜਾਂਚਕਰਤਾ (ਜਨਗਣਨਾ) ਅਲੋਕ ਕੁਮਾਰ ਸਮੇਤ ਹੋਰ ਮੌਜੂਦ ਸਨ |