ਫ਼ਾਜ਼ਿਲਕਾ, 3 ਮਈ (ਦਵਿੰਦਰ ਪਾਲ ਸਿੰਘ)-ਪੰਜਾਬ 'ਚ ਕਣਕ ਦੇ ਨਾੜ ਨੂੰ ਅੱਗ ਲਾਉਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ, ਜੋ ਹੁਣ ਰਾਹਗੀਰਾਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ | ਅਜਿਹਾ ਹੀ ਇਕ ਦਰਦਨਾਕ ਹਾਦਸਾ ਫ਼ਾਜ਼ਿਲਕਾ ਦੇ ਪਿੰਡ ਘੁਰਕਾਂ ਦੇ ਨੇੜੇ ਵਾਪਰਿਆ, ਜਿੱਥੇ ਖੇਤਾਂ ਵਿਚ ਲਾਈ ਅੱਗ ਦੇ ਸੰਘਣੇ ਧੂੰਏਾ ਕਾਰਨ ਇਕ ਮੋਟਰਸਾਈਕਲ ਸਵਾਰ ਪਰਿਵਾਰ ਬੇਕਾਬੂ ਹੋ ਕੇ ਸਿੱਧਾ ਅੱਗ ਦੀਆਂ ਲਪਟਾਂ ਵਿਚ ਜਾ ਡਿਗਿਆ | ਇਸ ਹਾਦਸੇ ਵਿਚ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਮਾਸੂਮ ਬੱਚੇ ਬੁਰੀ ਤਰ੍ਹਾਂ ਝੁਲਸ ਗਏ ਹਨ | ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਦੇ ਰਹਿਣ ਵਾਲੇ ਪੀੜਤ ਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਹਸਤਾ ਆਪਣੀ ਸਾਲੀ ਦੇ ਘਰ ਜਾ ਰਿਹਾ ਸੀ | ਜਦੋਂ ਉਹ ਪਿੰਡ ਘੁਰਕਾਂ ਕੋਲ ਪਹੁੰਚੇ ਤਾਂ ਸੜਕ ਕਿਨਾਰੇ ਖੇਤ ਵਿਚ ਲੱਗੀ ਅੱਗ ਦਾ ਧੂੰਆਂ ਉਨ੍ਹਾਂ ਦੀਆਂ ਅੱਖਾਂ ਵਿਚ ਪੈ ਗਿਆ | ਧੂੰਏਾ ਕਾਰਨ ਕੁੱਝ ਦਿਖਾਈ ਨਾ ਦੇਣ ਕਰਕੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਪੂਰਾ ਪਰਿਵਾਰ ਸੜਕ ਕਿਨਾਰੇ ਮਘ ਰਹੀ ਅੱਗ ਵਿਚ ਜਾ ਡਿੱਗਿਆ | ਅੱਗ 'ਚ ਡਿਗਣ ਕਾਰਨ ਵੀਰ ਸਿੰਘ ਦੇ ਪੱਟ ਦੀ ਹੱਡੀ ਟੁੱਟ ਗਈ ਅਤੇ ਉਹ ਬੁਰੀ ਤਰ੍ਹਾਂ ਝੁਲਸ ਗਿਆ | ਉਸ ਦੀ ਪਤਨੀ ਦੀ ਲੱਤ ਟੁੱਟ ਗਈ ਤੇ ਸਰੀਰ ਅੱਗ ਨਾਲ ਝੁਲਸ ਗਿਆ | ਦੋਵੇਂ ਬੱਚੇ ਵੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਜ਼ਖ਼ਮੀ ਹੋ ਗਏ ਹਨ | ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਤੁਰੰਤ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ |