ਕਿੰਗਸਟਨ, 3 ਮਈ (ਏਜੰਸੀ)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੋ ਦੇਸ਼ਾਂ ਦਰਮਿਆਨ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਕੈਰੀਬੀਆਈ ਦੇਸ਼ ਜਮਾਇਕਾ ਦੇ ਆਪਣੇ ਪਹਿਲੇ ਦੌਰੇ 'ਤੇ ਇਥੇ ਪੁੱਜੇ | ਕੈਰੀਬੀਆਈ ਦੇਸ਼ਾਂ ਨਾਲ ਭਾਰਤ ਦੇ ਰਣਨੀਤਕ ਅਤੇ ਸੱਭਿਆਚਾਰਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜਮਾਇਕਾ, ਸੂਰੀਨਾਮਾ ਅਤੇ ਤਿ੍ਨੀਦਾਦ ਅਤੇ ਟੋਬੈਗੋ ਦੇ 9 ਦਿਨਾ ਦੌਰੇ ਦੇ ਪਹਿਲੇ ਪੜਾਅ 'ਤੇ ਜੈਸ਼ੰਕਰ ਸਨਿਚਰਵਾਰ ਸ਼ਾਮ ਨੂੰ ਕਿੰਗਸਟਨ ਪੁੱਜੇ | ਜੈਸ਼ੰਕਰ ਨੇ ਸੋਸ਼ਲ ਮੀਡੀਆ 'ਤੇ ਪਾਈ ਪੋਸਟ 'ਚ ਕਿਹਾ ਕਿ ਜਮਾਇਕਾ ਦੇ ਆਪਣੇ ਪਹਿਲੇ ਦੌਰੇ ਲਈ ਕਿੰਗਸਟਨ ਪੁੱਜ ਕੇ ਖੁਸ਼ੀ ਹੋਈ | ਉਨ੍ਹਾਂ ਲਿਖਿਆ ਕਿ ਵਿਦੇਸ਼ ਮੰਤਰੀ ਕਾਮਿਨਾ ਜੇ ਸਮਿੱਥ ਵਲੋਂ ਗਰਮਜੋਸ਼ੀ ਨਾਲ ਕੀਤੇ ਗਏ ਸਵਾਗਤ ਤੋਂ ਪ੍ਰਭਾਵਿਤ ਹਾਂ | ਕਿੰਗਸਟਨ ਪੁੱਜਣ 'ਤੇ ਜਮਾਇਕਾ ਦੀ ਵਿਦੇਸ਼ ਮਾਮਲਿਆਂ ਅਤੇ ਵਿਦੇਸ਼ ਵਪਾਰ ਮੰਤਰੀ ਕਾਮਿਨਾ ਜੇ ਸਮਿੱਥ ਨੇ ਉਨ੍ਹਾਂ ਦਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਅਗਲੇ ਦੋ ਦਿਨਾਂ 'ਚ ਜਮਾਇਕਾ ਦੀ ਲੀਡਰਸ਼ਿਪ, ਵਪਾਰਕ ਭਾਈਚਾਰੇ ਅਤੇ ਭਾਰਤੀ ਪ੍ਰਵਾਸੀ ਭਾਈਚਾਰੇ ਨਾਲ ਗੱਲਬਾਤ ਕਰਨ ਦਾ ਉਨ੍ਹਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ | ਵਿਦੇਸ਼ ਮੰਤਰਾਲੇ ਨੇ ਜੈਸ਼ੰਕਰ ਦੇ ਦੌਰੇ ਤੋਂ ਪਹਿਲਾਂ ਜਾਰੀ ਇਕ ਬਿਆਨ 'ਚ ਕਿਹਾ ਕਿ ਆਪਣੇ 9 ਦਿਨਾ ਦੌਰੇ ਦੌਰਾਨ ਜੈਸ਼ੰਕਰ ਤਿੰਨਾਂ ਦੇਸ਼ਾਂ ਦੀ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ ਅਤੇ ਆਪਣੇ ਹਮਰੁਤਬਾ ਨਾਲ ਗੱਲਬਾਤ ਕਰਨਗੇ | ਇਸ ਗੱਲਬਾਤ 'ਚ ਦੁਵੱਲੇ ਸੰਬੰਧਾਂ ਦੇ ਪੂਰੇ ਦਾਇਰੇ ਦੇ ਨਾਲ-ਨਾਲ ਆਪਸੀ ਹਿਤਾਂ ਦੇ ਖੇਤਰੀ ਅਤੇ ਕੌਮਾਂਤਰੀ ਮੁੱਦੇ ਵੀ ਸ਼ਾਮਿਲ ਹੋਣਗੇ |
ਜੈਸ਼ੰਕਰ 3 ਦੇਸ਼ਾਂ ਦੇ ਦੌਰੇ ਦੌਰਾਨ ਜਮਾਇਕਾ ਪੁੱਜੇ <br/>
ਅਜੀਤ ਡੈਸਕ
04-05-2026