ਨਵੀਂ ਦਿੱਲੀ, 3 ਮਈ (ਏਜੰਸੀ)-ਭਾਰਤ ਨੇ ਐਤਵਾਰ ਨੂੰ ਉਤਰਾਖੰਡ 'ਚ ਲਿਪੂਲੇਖ ਦਰੇ ਦੇ ਦਹਾਕਿਆਂ ਪੁਰਾਣੇ ਰਸਤੇ ਰਾਹੀਂ ਹੋਣ ਵਾਲੀ ਆਗਾਮੀ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਨਿਪਾਲ ਦੇ ਇਤਰਾਜ਼ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਖੇਤਰੀ ਦਾਅਵਿਆਂ ਦਾ ਅਜਿਹਾ ਇਕਪਾਸੜ ਬਨਾਉਟੀ ਵਾਧਾ ਸਹੀਂ ਨਹੀਂ ਹੈ | ਨਵੀਂ ਦਿੱਲੀ ਦੀ ਇਹ ਤਿੱਖੀ ਪ੍ਰਤੀਕਿਰਿਆ ਨਿਪਾਲ ਦੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ਦੇ ਕੁਝ ਹੀ ਘੰਟਿਆਂ ਬਾਅਦ ਆਈ, ਜਿਸ ਵਿਚ ਭਾਰਤ ਅਤੇ ਚੀਨ ਵਲੋਂ ਕਠਮੰਡੂ ਨਾਲ ਸਲਾਹ ਕੀਤੇ ਬਿਨਾਂ ਲਿਪੂਲੇਖ ਦਰੇ ਦੇ ਰਸਤੇ ਸਾਲਾਨਾ ਤੀਰਥ ਯਾਤਰੀਆਂ ਦੀਆਂ ਤਿਆਰੀਆਂ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ ਸੀ | ਨਿਪਾਲ ਦਾ ਦਾਅਵਾ ਹੈ ਕਿ ਇਹ ਖੇਤਰ ਉਸ ਦਾ ਹੈ | ਪਿਛਲੇ ਹਫ਼ਤੇ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਸਾਲਾਨਾ ਕੈਲਾਸ਼ ਮਾਨਸਰੋਵਰ ਯਾਤਰਾ ਜੂਨ ਤੋਂ ਅਗਸਤ ਤੱਕ ਦੋ ਰਸਤਿਆਂ ਲਿਪੂਲੇਖ ਦਰੇ ਅਤੇ ਸਿੱਕਮ 'ਚ ਨਾਥੂ ਲਾ ਰਾਹੀਂ ਹੋਵੇਗੀ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਸ ਸੰਬੰਧੀ ਭਾਰਤ ਦਾ ਰੁਖ ਹਮੇਸ਼ਾਂ ਤੋਂ ਇਕੋ ਜਿਹਾ ਅਤੇ ਸਪਸ਼ਟ ਰਿਹਾ ਹੈ | ਲਿਪੂਲੇਖ ਦਰਾ 1954 ਤੋਂ ਹੀ ਕੈਲਾਸ਼ ਮਾਨਸਰੋਵਰ ਯਾਤਰਾ ਲਈ ਪੁਰਾਣਾ ਤੇ ਸਥਾਪਿਤ ਮਾਰਗ ਰਿਹਾ ਹੈ ਤੇ ਇਸ ਰਸਤੇ ਰਾਹੀਂ ਯਾਤਰਾ ਦਹਾਕਿਆਂ ਤੋਂ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ | ਜਿਥੋਂ ਤੱਕ ਖੇਤਰੀ ਦਾਅਵਿਆਂ ਦਾ ਸਵਾਲ ਹੈ, ਭਾਰਤ ਨੇ ਹਮੇਸ਼ਾਂ ਇਹੀ ਕਿਹਾ ਹੈ ਕਿ ਅਜਿਹੇ ਦਾਅਵੇ ਨਾ ਤਾਂ ਉਚਿਤ ਹਨ ਅਤੇ ਨਾ ਹੀ ਇਤਿਹਾਸਕ ਤੱਥਾਂ ਅਤੇ ਸਬੂਤਾਂ 'ਤੇ ਆਧਾਰਿਤ ਹਨ |