ਨਵੀਂ ਦਿੱਲੀ, 9 ਮਈ (ਏਜੰਸੀ)-ਭਾਰਤ ਨੇ ਓਡੀਸ਼ਾ ਤੱਟ ਤੋਂ 'ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟਏਬਲ ਰੀ-ਐਂਟਰੀ ਵਹੀਕਲ' (ਐਮ. ਆਈ. ਆਰ. ਵੀ.) ਸਹੂਲਤ ਵਾਲੀ ਇਕ ਉਨਤ ਅਗਨੀ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ | ਐਮ.ਆਈ.ਆਰ.ਵੀ. ਸਹੂਲਤ ਇਹ ਯਕੀਨੀ ਕਰਦੀ ਹੈ ਕਿ ਇਕ ਹੀ ਮਿਜ਼ਾਈਲ ਵੱਖ ਵੱਖ ਥਾਵਾਂ 'ਤੇ ਕਈ ਵਾਰਹੈੱਡ ਤਾਇਨਾਤ ਕਰ ਸਕਦੀ ਹੈ | ਰੱਖਿਆ ਮੰਤਰਾਲੇ ਅਨੁਸਾਰ ਇਸ ਮਿਜ਼ਾਈਲ ਪ੍ਰਣਾਲੀ ਦਾ ਪ੍ਰੀਖਣ ਸ਼ੁੱਕਰਵਾਰ ਨੂੰ ਕੀਤਾ ਗਿਆ | ਮੰਤਰਾਲੇ ਨੇ ਕਿਹਾ ਕਿ ਭਾਰਤ ਨੇ 8 ਮਈ ਨੂੰ ਓਡੀਸ਼ਾ ਦੇ ਏ.ਪੀ.ਜੇ. ਅਬਦੁਲ ਕਲਾਮ ਟਾਪੂ ਤੋਂ ਐਮ.ਆਈ.ਆਰ.ਵੀ. ਪ੍ਰਣਾਲੀ ਵਾਲੀ ਇਕ ਉਨਤ ਅਗਨੀ ਮਿਜ਼ਾਈਲ ਦਾ ਸਫ਼ਲ ਉਡਾਣ ਪ੍ਰੀਖਣ ਕੀਤਾ | ਮੰਤਰਾਲੇ ਨੇ ਅੱਗੇ ਦੱਸਿਆ ਕਿ ਇਸ ਮਿਜ਼ਾਈਲ ਦਾ ਉਡਾਣ ਪ੍ਰੀਖਣ ਕਈ ਪੇਲੋਡ ਦੇ ਨਾਲ ਕੀਤਾ ਗਿਆ, ਜਿਨ੍ਹਾਂ ਨੂੰ ਹਿੰਦ ਮਹਾਂਸਾਗਰ ਖੇਤਰ 'ਚ ਇਕ ਵੱਡੇ ਭੂਗੋਲਿਕ ਇਲਾਕੇ 'ਚ ਵੱਖ ਵੱਖ ਥਾਵਾਂ 'ਤੇ ਸਥਿਤ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਲਈ ਤਿਆਰ ਕੀਤਾ ਗਿਆ ਸੀ |