ਹੋਰਨਾਂ ਸੂਬਿਆਂ 'ਚ ਜਾ ਕੇ ਵੀ ਆਪਣੀ ਹਰਿਆਲੀ ਦੀ ਮਹਿਕ ਬਿਖੇਰਦੇ ਨੇ ਮਾਲੇਰਕੋਟਲਾ ਦੀਆਂ ਨਰਸਰੀਆਂ ਦੇ ਲੱਖਾਂ ਬੂਟੇ
ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ, 12 ਮਈ-ਮਨੁੱਖੀ ਜੀਵਨਧਾਰਾ ਲਈ 'ਸਾਹਾਂ ਦੀ ਡੋਰ' ਮੰਨੇ ਜਾਂਦੇ ਹਰੇ-ਭਰੇ ਦਰੱਖਤਾਂ ਦੇ ਕਤਲੇਆਮ ਦੀ ਕਹਾਣੀ ਕਿਸੇ ਵੀ ਚਿੰਤਾ ਕਰਨ ਵਾਲੇ ਇਨਸਾਨ ਦੇ 'ਸੀਨੇ ਸੇਕ' ਪਾਉਂਦੀ ਹੈ | ਇਨਸਾਨੀ ਜ਼ਿੰਦਗੀਆਂ ਨੂੰ ਆਕਸੀਜ਼ਨ ਪ੍ਰਦਾਨ ਕਰਨ ਵਾਲੇ ਦਰੱਖ਼ਤਾਂ ਦਾ ਘਟਣਾ ਸਾਡੇ ਸਮਾਜ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ | ਮਲੇਰਕੋਟਲਾ ਪੂਰੇ ਦੇਸ਼ ਅੰਦਰ 'ਬੂਟਿਆਂ ਦੀ ਨਰਸਰੀ ਦੀ ਹੱਬ' ਵਜੋਂ ਵਿਕਸਿਤ ਹੋ ਚੁੱਕਿਆ ਹੈ | ਮਲੇਰਕੋਟਲਾ ਦੇ ਅੰਦਰ ਛੋਟੀਆਂ, ਵੱਡੀਆਂ 20 ਦੇ ਕਰੀਬ ਨਰਸਰੀਆਂ ਦੇ ਲੱਖਾਂ ਬੂਟੇ ਹੌਲੀ-ਹੌਲੀ ਦਰੱਖਤਾਂ ਦਾ ਰੂਪ ਧਾਰ ਕੇ ਇਨਸਾਨੀ ਜੀਵਨ ਨੂੰ ਜ਼ਿੰਦਗੀ ਬਖਸ਼ਣ ਦੇ ਵਿਚ ਸਾਥ ਨਿਭਾਉਂਦੇ ਹਨ | ਇਸ ਖੇਤਰ ਨਾਲ ਜੁੜੇ ਲੋਕਾਂ ਵੱਲੋਂ ਮਾਲੇਰਕੋਟਲਾ ਨੂੰ ਬੂਟਿਆਂ ਦੀ ਮੇਨ ਮਾਰਕੀਟ ਮੰਨਿਆ ਜਾਣ ਲੱਗਾ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਬੂਟਿਆਂ ਦੇ ਕਾਰੋਬਾਰ ਕਰਨ ਵਾਲੇ ਲੁਧਿਆਣਾ ਮੁੱਖ ਸੜਕ 'ਤੇ ਸਥਿਤ ਲਕਸ਼ ਫਲੋਰਾ ਨਰਸਰੀ ਐਂਡ ਗਾਰਡਨ ਸਟੋਰ ਮਲੇਰਕੋਟਲਾ ਦੇ ਮਾਲਕ ਮੁਹੰਮਦ ਖ਼ਲੀਲ ਨੇ ਦੱਸਿਆ ਕਿ ਬੰਗਾਲ, ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼ ਤੋਂ ਛੋਟੇ ਬੂਟੇ ਲਿਆ ਕੇ ਇੱਥੋਂ ਦੇ ਕਾਸ਼ਤਕਾਰਾਂ ਨੇ ਪੰਜਾਬ ਤੋਂ ਇਲਾਵਾ ਕਈ ਸੂਬਿਆਂ ਅੰਦਰ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ | ਦਿਲਚਸਪ ਗੱਲ ਇਹ ਹੈ ਕਿ ਮਾਲੇਰਕੋਟਲਾ ਦੀਆਂ ਨਰਸਰੀਆਂ ਵਿਚ 5 ਰੁਪਏ ਤੋਂ ਲੈ ਕੇ 10-12 ਲੱਖ ਤੱਕ ਰੁਪਏ ਦਾ ਬੂਟਾ, ਜੋ ਰੁੱਖ ਬਣ ਚੁੱਕਿਆ ਹੁੰਦਾ ਹੈ, ਮਿਲ ਜਾਂਦਾ ਹੈ | ਮਲੇਰਕੋਟਲਾ ਸ਼ਹਿਰ ਦੇ ਚਾਰੇ-ਪਾਸੇ ਤੋਂ ਆਉਂਦੀਆਂ ਮੁੱਖ ਸੜਕਾਂ ਦੇ ਆਲੇ ਦੁਆਲੇ ਵੱਡੀ ਤਾਦਾਦ ਵਿਚ ਬਣੀਆਂ ਹੋਈਆਂ ਨਰਸਰੀਆਂ ਦੇ ਬੂਟੇ ਹੁਣ ਪੰਜਾਬ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਹਿੱਸਿਆਂ ਅੰਦਰ ਵੀ ਆਪਣੀ ਹਰਿਆਲੀ ਬਿਖੇਰ ਰਹੇ ਹਨ | ਜੇਕਰ ਬੂਟਿਆਂ ਦੀਆਂ ਨਰਸਰੀਆਂ ਦੀ ਮੇਨ ਮਾਰਕੀਟ ਦੀ ਗੱਲ ਕਰਨੀ ਹੋਵੇ ਤਾਂ ਉਹ ਮਲੇਰਕੋਟਲਾ-ਲੁਧਿਆਣਾ ਮੁੱਖ ਸੜਕ ਹੈ ਜਿੱਥੇ ਕਈ ਵੱਡੀਆਂ ਨਰਸਰੀਆਂ, ਆਲੇ ਦੁਆਲੇ ਦੀ ਦਿੱਖ ਨੂੰ ਚਕਾਚੌਂਧ ਦੇ ਰੂਪ ਵਿਚ ਬਦਲ ਰਹੀਆਂ ਹਨ | ਇੱਥੋਂ ਦੀਆਂ ਨਰਸਰੀਆਂ ਦੇ ਹਜ਼ਾਰਾਂ ਕਿਸਮ ਦੇ ਬੂਟੇ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼ ਤੇ ਹਿਮਾਚਲ ਆਦਿ ਸੂਬਿਆਂ ਅੰਦਰ ਵੀ ਜਾ ਰਹੇ ਹਨ | ਸਰਕਾਰ ਵਲੋਂ ਸੂਬੇ ਦੇ ਅੰਦਰ ਵੱਡੀ ਪੱਧਰ 'ਤੇ ਲਗਾਏ ਜਾਣ ਵਾਲੇ ਬੂਟੇ ਵੀ ਜ਼ਿਆਦਾਤਰ ਇਨ੍ਹਾਂ ਨਰਸਰੀਆਂ ਦੇ ਵਿਚੋਂ ਹੀ ਆਉਂਦੇ ਹਨ | ਕੁੱਲ ਮਿਲਾ ਕੇ ਰਿਆਸਤੀ ਸ਼ਹਿਰ ਮਲੇਰਕੋਟਲਾ 'ਬੂਟਿਆਂ ਦੀ ਨਰਸਰੀ ਦੀ ਹੱਬ' ਵਜੋਂ ਵਿਕਸਿਤ ਹੋ ਚੁੱਕਿਆ ਹੈ |
ਦੇਸ਼ ਅੰਦਰ 'ਬੂਟਿਆਂ ਦੀ ਨਰਸਰੀ ਦੀ ਹੱਬ' ਵਜੋਂ ਸਥਾਪਤ ਹੋ ਚੁੱਕਾ ਇਤਿਹਾਸਕ ਸ਼ਹਿਰ ਮਾਲੇਰਕੋਟਲਾ
ਅਜੀਤ ਡੈਸਕ
13-05-2026