ਹੁਣ ਮੁਫ਼ਤ ਅਨਾਜ ਮੁੱਖ ਮੰਤਰੀ ਦੀ ਤਸਵੀਰ ਵਾਲੇ ਸਮਾਰਟ ਰਾਸ਼ਨ ਕਾਰਡਾਂ 'ਤੇ ਮਿਲੇਗਾ <br/>
ਅਜੀਤ ਡੈਸਕ
16-05-2026
ਰਾੜਾ ਸਾਹਿਬ (ਖੰਨਾ), 15 ਮਈ (ਸੁਖਵੀਰ ਸਿੰਘ ਚਣਕੋਈਆਂ)-ਪੰਜਾਬ ਦੀ ਸਿਆਸਤ 'ਚ ਹਮੇਸ਼ਾ ਰਾਸ਼ਨ ਕਾਰਡਾਂ ਦੀ ਅਹਿਮ ਭੂਮਿਕਾ ਰਹੀ ਹੈ | 2007 ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਸੱਤਾ ਵਿਚ ਹੰੁਦਿਆਂ ਰਾਸ਼ਨ ਕਾਰਡ ਨੂੰ ਨੀਲੇ ਕਾਰਡ ਦਾ ਨਾਂਅ ਦਿੱਤਾ ਗਿਆ ਸੀ, ਜਿਸ 'ਤੇ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਛਾਪੀ ਗਈ ਸੀ | ਉਸ ਤੋਂ ਬਾਅਦ 2017 ਵਿਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਕੈਪਟਨ ਅਮਰਿੰਦਰ ਸਿੰਘ ਵਲੋਂ ਇਨ੍ਹਾਂ 40 ਲੱਖ ਨੀਲੇ ਰਾਸ਼ਨ ਕਾਰਡਾਂ ਨੂੰ ਚਿੱਪ ਵਾਲੇ ਸਮਾਰਟ ਕਾਰਡਾਂ ਵਿਚ ਤਬਦੀਲ ਕਰਕੇ ਆਪਣੀ ਤਸਵੀਰ ਵਾਲਾ ਸਮਾਰਟ ਰਾਸ਼ਨ ਕਾਰਡ ਸੂਬੇ ਦੇ ਲੋਕਾਂ ਨੂੰ ਮੁਹੱਈਆ ਕਰਵਾਇਆ ਸੀ | ਲੰਮੇ ਸਮੇਂ ਤੋਂ ਬਾਅਦ ਇਹ ਸਮਾਰਟ ਰਾਸ਼ਨ ਕਾਰਡਾਂ ਵਿਚ ਕੋਈ ਤਬਦੀਲੀ ਨਹੀ ਕੀਤੀ ਗਈ ਸੀ | ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਨ੍ਹਾਂ ਸਮਾਰਟ ਰਾਸ਼ਨ ਕਾਰਡਾਂ ਨੂੰ ਤਬਦੀਲ ਕੀਤਾ ਗਿਆ ਹੈ, ਜਿਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲਗਾਈ ਗਈ ਹੈ ਅਤੇ ਉਸ ਤੋਂ ਚਿੱਪ ਨੂੰ ਹਟਾ ਕੇ ਕਿਊ ਆਰ ਕੋਡ ਦਿੱਤਾ ਗਿਆ ਹੈ, ਜਿਸ ਨੂੰ ਪੰਜਾਬ ਦੇ 18 ਹਜ਼ਾਰ ਡਿਪੂ ਹੋਲਡਰਾਂ ਵਲੋਂ ਬਾਇਓਮੈਟਿ੍ਕ ਮਸ਼ੀਨ ਦੁਆਰਾ ਸਕੈਨ ਕਰਕੇ ਲੋਕਾਂ ਨੂੰ ਰਾਸ਼ਨ ਦਿੱਤਾ ਜਾਵੇਗਾ | ਸੂਬੇ ਦੇ ਲੋਕਾਂ ਨੂੰ ਅਪ੍ਰੈਲ 2026 ਤੋਂ ਜੂਨ 2026 ਤੱਕ ਤਿੰਨ ਮਹੀਨੇ ਦਾ ਮੁਹੱਈਆ ਕਰਵਾਇਆ ਜਾਣ ਵਾਲਾ ਸਾਲ ਦੇ ਪਹਿਲੇ ਪੜਾਅ ਦਾ ਕੋਟਾ ਮੁਫ਼ਤ ਅਨਾਜ (ਕਣਕ) ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ 'ਤੇ ਕਿਊ ਆਰ ਕੋਡ ਵਾਲੇ ਇਨ੍ਹਾਂ ਸਮਾਰਟ ਰਾਸ਼ਨ ਕਾਰਡਾਂ 'ਤੇ ਮਿਲੇਗਾ | ਜ਼ਿਕਰਯੋਗ ਹੈ ਕਿ ਇਹ ਮੁਫ਼ਤ ਅਨਾਜ ਪੰਜਾਬ ਅੰਦਰ ਸਰਕਾਰ ਵਲੋਂ 5 ਕਿੱਲੋਗ੍ਰਾਮ ਦੇ ਹਿਸਾਬ ਨਾਲ ਪ੍ਰਤੀ ਮੈਂਬਰ ਨੂੰ ਤਿੰਨ ਮਹੀਨੇ ਦਾ ਇਕੱਠਾ ਕੋਟਾ ਦਿੱਤਾ ਜਾਂਦਾ ਹੈ, ਜਿਸ ਨੂੰ ਇਕ ਸਾਲ 'ਚ 4 ਪੜਾਵਾਂ ਵਿਚ ਵੰਡਿਆ ਜਾਂਦਾ ਹੈ | ਜਾਣਕਾਰੀ ਅਨੁਸਾਰ ਨਵੇਂ ਸਮਾਰਟ ਰਾਸ਼ਨ ਕਾਰਡਾਂ ਤਹਿਤ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਸੂਬੇ ਅੰਦਰ ਵੰਡ ਦੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤਾ ਹੈ |