ਪਟਿਆਲਾ, 15 ਮਈ (ਮਨਦੀਪ ਸਿੰਘ ਖਰੌੜ)-ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਆਮ ਆਦਮੀ ਪਾਰਟੀ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ 'ਚ 16 ਮਈ ਨੂੰ ਸ਼ਾਮਲ ਹੋਣਗੇ | ਇਸ ਸੰਬੰਧੀ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਰੱਖੜਾ ਪਰਿਵਾਰ ਲਗਭਗ ਦੋ ਦਹਾਕਿਆਂ ਤੋਂ ਪੰਜਾਬ ਦੀ ਰਾਜਨੀਤੀ 'ਚ ਅਹਿਮ ਪ੍ਰਭਾਵ ਰੱਖਦਾ ਹੈ | ਜਿਸ ਕਾਰਨ ਉਨ੍ਹਾਂ ਨੂੰ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਮੰਤਰੀ ਅਹੁਦੇ ਨਾਲ ਨਿਵਾਜਿਆ ਗਿਆ ਸੀ | ਲੰਮਾ ਸਮਾਂ ਰਾਜਨੀਤੀ 'ਚ ਹੋਣ ਦੇ ਬਾਵਜੂਦ ਵੀ ਉਨ੍ਹਾਂ 'ਤੇ ਕੋਈ ਦਾਗ਼ ਨਹੀਂ ਲੱਗਿਆ ਅਤੇ ਰਾਜਨੀਤੀ ਅਤੇ ਸਮਾਜ ਵਿਚ ਰੱਖੜਾ ਪਰਿਵਾਰ ਦੀ ਚੰਗੀ ਪੈਂਠ ਬਣੀ ਹੋਈ ਹੈ | ਜਿਸ ਤਹਿਤ ਆਮ ਆਦਮੀ ਪਾਰਟੀ ਨੇ ਪਟਿਆਲਾ 'ਚ ਸੁਰਜੀਤ ਸਿੰਘ ਰੱਖੜਾ ਨੂੰ ਸ਼ਾਮਲ ਕਰ ਕੇ ਸਿਆਸੀ ਸੂਝਬੂਝ ਦਾ ਸਬੂਤ ਦਿੰਦਿਆਂ ਇਕ ਚੰਗਾ ਫ਼ੈਸਲਾ ਲਿਆ ਹੈ, ਕਿਉਂਕਿ ਉਨ੍ਹਾਂ ਦੇ ਪਰਿਵਾਰ ਦੀ ਸਮਾਜ ਸੇਵਾ ਭਾਵਨਾ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ 'ਚ 'ਆਪ' ਪਾਰਟੀ ਨੂੰ ਸਿਆਸੀ ਤੌਰ 'ਤੇ ਵੱਡਾ ਹੁਲਾਰਾ ਮਿਲ ਸਕਦਾ ਹੈ ਜਿਸ ਦਾ ਅਸਰ 2027 ਦੀਆਂ ਚੋਣਾਂ 'ਚ ਸਾਹਮਣੇ ਆ ਸਕਦਾ ਹੈ | ਦੂਜੇ ਪਾਸੇ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸੁਰਜੀਤ ਸਿੰਘ ਰੱਖੜਾ ਦੀ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਹੋਣ ਨਾਲ ਪਟਿਆਲਾ ਅਤੇ ਪੰਜਾਬ ਦੇ ਕਈ ਟਕਸਾਲੀ ਅਕਾਲੀ ਆਗੂਆਂ 'ਚ ਹਿਲਜੁਲ ਸ਼ੁਰੂ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਉਹ ਕੀ ਫ਼ੈਸਲਾ ਲੈਂਦੇ ਹਨ ਇਹ ਸਮਾਂ ਦੱਸੇਗਾ? ਸੁਰਜੀਤ ਸਿੰਘ ਰੱਖੜਾ ਨੇ 'ਅਜੀਤ' ਨੂੰ ਦੱਸਿਆ ਕਿ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ 'ਚ ਪਾਰਟੀ 'ਚ ਸ਼ਾਮਲ ਹੋਣਗੇ |
ਚਾਰ ਦਿਨ ਪਹਿਲਾਂ ਮੁੱਖ ਮੰਤਰੀ ਨਾਲ ਹੋਈ ਸੀ ਕਮਰਾ ਬੰਦ ਬੈਠਕ
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਚਾਰ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ, ਸੁਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਰੱਖੜਾ ਅਤੇ ਪਟਿਆਲਾ ਜ਼ਿਲ੍ਹੇ ਦੇ ਕੁੱਝ ਅਹਿਮ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਦੀ ਮੁੱਖ ਮੰਤਰੀ ਨਾਲ ਬੰਦ ਕਮਰਾ ਮੀਟਿੰਗ ਹੋਈ ਸੀ ਜਿਸ ਵਿਚ ਲਗਭਗ ਸਾਰਾ ਕੁੱਝ ਤੈਅ ਹੋ ਚੁੱਕਾ ਹੈ | ਜਿਸ ਤਹਿਤ ਸਮਾਣਾ ਨਗਰ ਕੌਂਸਲ ਦੀਆਂ ਚੋਣਾਂ 'ਚ ਅੱਧ ਤੋਂ ਵੱਧ ਸੀਟਾਂ ਰੱਖੜਾ ਪਰਿਵਾਰ ਵਲੋਂ ਵੰਡੀਆਂ ਗਈਆਂ ਹਨ ਤੇ ਜਿਨ੍ਹਾਂ ਨੇ ਕਾਗ਼ਜ਼ ਵੀ ਭਰ ਦਿੱਤੇ ਹਨ |
ਸਮਾਜ ਸੇਵਾ 'ਚ ਵੱਡੀ ਭੂਮਿਕਾ ਨਿਭਾ ਰਿਹਾ ਹੈ ਰੱਖੜਾ ਪਰਿਵਾਰ
ਰੱਖੜਾ ਪਰਿਵਾਰ ਵਲੋਂ ਪਿਛਲੇ ਲੰਮੇ ਸਮੇਂ ਤੋਂ ਦੁਨੀਆ ਭਰ 'ਚ ਸਮਾਜ ਸੇਵੀ ਕੰਮਾਂ 'ਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਯੋਗਦਾਨ ਪਾਇਆ ਜਾ ਰਿਹਾ ਹੈ | ਸੁਰਜੀਤ ਸਿੰਘ ਰੱਖੜਾ ਦੇ ਵੱਡੇ ਭਰਾ ਦਰਸ਼ਨ ਸਿੰਘ ਧਾਲੀਵਾਲ ਤੇ ਚਰਨਜੀਤ ਸਿੰਘ ਰੱਖੜਾ ਵਲੋਂ 2020 'ਚ ਕਿਸਾਨੀ ਧਰਨੇ ਦੌਰਾਨ ਖੁੱਲ੍ਹੇ ਲੰਗਰ ਲਗਾਏ ਗਏ ਸੀ ਅਤੇ ਕਿਸਾਨਾਂ ਦੀ ਹਰ ਤਰ੍ਹਾਂ ਦੀ ਮਦਦ ਵੀ ਕੀਤੀ ਸੀ | ਇਸ ਦੇ ਨਾਲ ਜਦੋਂ ਦੇਸ਼ 'ਚ ਸੁਨਾਮੀ ਆਈ ਸੀ ਤਾਂ ਇਸ ਪਰਿਵਾਰ ਵਲੋਂ 5 ਕਰੋੜ ਦੀ ਰਕਮ ਲੋਕਾਂ ਦੀ ਸੇਵਾ ਲਈ ਦਿੱਤੀ ਗਈ ਸੀ |
ਸੁਰਜੀਤ ਸਿੰਘ ਰੱਖੜਾ ਦੇ 'ਆਪ' 'ਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਮਿਲੇਗਾ ਵੱਡਾ ਹੁਲਾਰਾ <br/>
ਅਜੀਤ ਡੈਸਕ
16-05-2026