ਮੌਨਸੂਨ ਤੋਂ ਪਹਿਲਾਂ ਭਾਰਤੀ ਮੌਸਮ ਵਿਭਾਗ ਦਾ ਵੱਡਾ ਫ਼ੈਸਲਾ <br/>
ਅਜੀਤ ਡੈਸਕ
16-05-2026
ਮੂਨਕ (ਸੰਗਰੂਰ), 15 ਮਈ (ਕੇਵਲ ਸਿੰਗਲਾ)-ਖੇਤੀਬਾੜੀ ਲਈ ਮੌਨਸੂਨ ਨੂੰ ਜੀਵਨ ਰੇਖਾ ਮੰਨਿਆ ਜਾਂਦਾ ਹੈ ਅਤੇ ਇਸੇ ਨੂੰ ਧਿਆਨ ਵਿਚ ਰੱਖਦਿਆਂ ਭਾਰਤੀ ਮੌਸਮ ਵਿਭਾਗ ਨੇ ਇਸ ਸਾਲ ਦੇ ਦੱਖਣ-ਪੱਛਮੀ ਮੌਨਸੂਨ ਤੋਂ ਪਹਿਲਾਂ ਇਕ ਵੱਡਾ ਅਤੇ ਕਿਸਾਨ-ਹਿਤੈਸ਼ੀ ਐਲਾਨ ਕੀਤਾ ਹੈ | ਹੁਣ ਦੇਸ਼ ਦੇ 15 ਮੌਨਸੂਨ ਕੋਰ ਜ਼ੋਨ ਵਾਲੇ ਰਾਜਾਂ ਵਿਚ ਬਲਾਕ-ਪੱਧਰ ਤੱਕ ਮੌਸਮੀ ਅਨੁਮਾਨ ਜਾਰੀ ਕੀਤੇ ਜਾਣਗੇ, ਤਾਂ ਜੋ ਕਿਸਾਨਾਂ ਨੂੰ ਆਪਣੇ ਇਲਾਕੇ ਨਾਲ ਜੁੜੀ ਹੋਰ ਸਟੀਕ ਅਤੇ ਸਮੇਂ ਸਿਰ ਜਾਣਕਾਰੀ ਮਿਲ ਸਕੇ | ਇਹ ਪ੍ਰਣਾਲੀ ਖਾਸ ਤੌਰ 'ਤੇ 'ਮਨਿਸਟਰੀ ਆਫ਼ ਐਗਰੀਕਲਚਰ ਐਂਡ ਫਾਰਮਰ ਵੈਲਫੇਅਰ' ਦੀ ਮੰਗ 'ਤੇ ਤਿਆਰ ਕੀਤੀ ਗਈ ਹੈ | ਇਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਬਿਜਾਈ, ਸਿੰਚਾਈ, ਖਾਦ ਦੀ ਵਰਤੋਂ ਅਤੇ ਫ਼ਸਲ ਸੁਰੱਖਿਆ ਸੰਬੰਧੀ ਫ਼ੈਸਲੇ ਵਿਗਿਆਨਕ ਢੰਗ ਨਾਲ ਕਰਨ ਵਿਚ ਮਦਦ ਦੇਣਾ ਹੈ | ਮੌਸਮ ਵਿਭਾਗ ਵਲੋਂ ਜਿਨ੍ਹਾਂ 15 ਰਾਜਾਂ ਨੂੰ ਪਹਿਲ ਦੇ ਆਧਾਰ 'ਤੇ ਇਹ ਸਹੂਲਤ ਦਿੱਤੀ ਜਾ ਰਹੀ ਹੈ, ਉਹ ਮੌਨਸੂਨ 'ਤੇ ਸਭ ਤੋਂ ਵੱਧ ਨਿਰਭਰ ਖੇਤੀ ਵਾਲੇ ਖੇਤਰ ਹਨ | ਇਨ੍ਹਾਂ ਵਿਚ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਬਿਹਾਰ, ਮੱਧ ਪ੍ਰਦੇਸ਼ , ਛੱਤੀਸਗੜ੍ਹ ਅਤੇ ਉੜੀਸਾ ਸਮੇਤ ਹੋਰ ਰਾਜ ਸ਼ਾਮਿਲ ਹਨ | ਮੌਸਮ ਵਿਭਾਗ ਦਾ ਮੰਨਣਾ ਹੈ ਕਿ ਇਨ੍ਹਾਂ ਖੇਤਰਾਂ ਵਿਚ ਮੌਨਸੂਨ ਦੇ ਉਤਾਰ-ਚੜ੍ਹਾਅ ਦਾ ਸਿੱਧਾ ਪ੍ਰਭਾਵ ਖੇਤੀ ਉਤਪਾਦਨ, ਪਿੰਡਾਂ ਦੀ ਆਰਥਿਕਤਾ ਅਤੇ ਕਿਸਾਨਾਂ ਦੀ ਆਮਦਨ 'ਤੇ ਪੈਂਦਾ ਹੈ | ਇਸ ਲਈ ਹੁਣ ਜ਼ਿਲ੍ਹਾ ਪੱਧਰ ਦੀ ਥਾਂ ਬਲਾਕ-ਪੱਧਰ ਤੱਕ ਅਨੁਮਾਨ ਜਾਰੀ ਕਰਨ ਨਾਲ ਮੌਸਮ ਸੰਬੰਧੀ ਜਾਣਕਾਰੀ ਹੋਰ ਭਰੋਸੇਯੋਗ ਬਣੇਗੀ | ਹੁਣ ਤੱਕ ਮੌਸਮੀ ਅਨੁਮਾਨ ਮੁੱਖ ਤੌਰ 'ਤੇ ਜ਼ਿਲ੍ਹਾ ਜਾਂ ਰਾਜ ਪੱਧਰ 'ਤੇ ਜਾਰੀ ਹੁੰਦੇ ਸਨ, ਪਰ ਇਕੋ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਮੀਂਹ, ਤਾਪਮਾਨ ਅਤੇ ਹਵਾਵਾਂ ਵਿਚ ਕਾਫ਼ੀ ਅੰਤਰ ਦੇਖਣ ਨੂੰ ਮਿਲਦਾ ਹੈ | ਨਵੀਂ ਪ੍ਰਣਾਲੀ ਨਾਲ ਕਿਸਾਨਾਂ ਨੂੰ ਆਪਣੇ ਨੇੜਲੇ ਖੇਤਰ ਦਾ ਮੌਸਮ ਪਹਿਲਾਂ ਤੋਂ ਪਤਾ ਲੱਗ ਸਕੇਗਾ | ਖੇਤੀ ਮਾਹਿਰਾਂ ਅਨੁਸਾਰ ਜੇਕਰ ਕਿਸਾਨਾਂ ਨੂੰ ਸਮੇਂ ਸਿਰ ਸਹੀ ਮੌਸਮੀ ਜਾਣਕਾਰੀ ਮਿਲ ਜਾਵੇ ਤਾਂ ਉਹ ਆਪਣੀ ਫ਼ਸਲ ਨੂੰ ਵੱਡੇ ਨੁਕਸਾਨ ਤੋਂ ਬਚਾਅ ਸਕਦੇ ਹਨ ਅਤੇ ਉਤਪਾਦਨ ਵਿਚ ਵੀ ਵਾਧਾ ਹੋ ਸਕਦਾ ਹੈ | ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਅਨੁਸਾਰ ਇਸ ਸਾਲ ਦੇਸ਼ ਵਿਚ ਆਮ ਤੋਂ ਵਧੀਆ ਮੌਨਸੂਨ ਰਹਿਣ ਦੀ ਸੰਭਾਵਨਾ ਹੈ | ਮੌਸਮ ਵਿਭਾਗ ਅਤੇ ਖੇਤੀ ਮੰਤਰਾਲਾ ਮਿਲ ਕੇ ਮੋਬਾਈਲ ਐਪ, ਐਸ.ਐਮ.ਐਸ. ਅਤੇ ਸਥਾਨਕ ਭਾਸ਼ਾਵਾਂ ਰਾਹੀਂ ਮੌਸਮੀ ਜਾਣਕਾਰੀ ਪਿੰਡਾਂ ਤੱਕ ਪਹੁੰਚਾਉਣ ਦੀ ਯੋਜਨਾ 'ਤੇ ਵੀ ਕੰਮ ਕਰ ਰਹੇ ਹਨ |