22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਹੁਣ ਕਿਸਾਨਾਂ ਨੂੰ ਵੀ ਜਾਰੀ ਹੋਣਗੇ ਯੂ.ਆਈ.ਡੀ. ਨੰਬਰ, ਸੂਬੇ 'ਚ ਰਜਿਸਟ੍ਰੇਸ਼ਨ ਦਾ ਕੰਮ ਜਾਰੀ <br/>

Ad Position 21
No active advertisement
ਅਜੀਤ ਡੈਸਕ 19-05-2026

ਜਲੰਧਰ, 18 ਮਈ (ਜਤਿੰਦਰ ਪੰਮੀ)-ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਦਿੱਤੀਆਂ ਜਾਣ ਸਰਕਾਰੀ ਸਕੀਮਾਂ ਤੇ ਰਿਆਇਤਾਂ ਦਾ ਲਾਭ ਲੈਣ ਲਈ ਹੁਣ ਸੂਬੇ ਦੇ ਕਿਸਾਨਾਂ ਨੂੰ ਯੂ.ਆਈ.ਡੀ. ਨੰਬਰ ਜਾਰੀ ਹੋਣਗੇ | ਇਸ ਕੰਮ ਲਈ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ | ਇਹ ਰਜਿਸਟ੍ਰੇਸ਼ਨ ਦੋ ਪੜਾਵਾਂ 'ਚ ਕੀਤੀ ਜਾਣੀ ਹੈ ਪਰ ਪਹਿਲੇ ਪੜਾਅ 'ਚ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੂੰ ਰਜਿਸਟਰ ਕੀਤਾ ਜਾ ਰਿਹਾ ਹੈ ਜਦੋਂਕਿ ਦੂਜੇ ਪੜਾਅ ਤਹਿਤ ਠੇਕੇ 'ਤੇ ਜ਼ਮੀਨਾਂ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ | ਮਿਲੀ ਜਾਣਕਾਰੀ ਮੁਤਾਬਕ 18 ਮਈ ਸ਼ਾਮ 5 ਵਜੇ ਤਕ ਪੰਜਾਬ ਅੰਦਰ 2,16,690 ਕਿਸਾਨਾਂ ਦੀ ਫਾਰਮਰ ਆਈ.ਡੀ. ਲਈ ਰਜਿਸਟ੍ਰੇਸ਼ਨ ਹੋ ਗਈ ਹੈ ਤੇ ਇਹ ਕੰਮ ਲਗਾਤਾਰ ਜਾਰੀ ਹੈ | ਇਸ ਕੰਮ ਲਈ ਸਭ ਤੋਂ ਪਹਿਲਾਂ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਅਧੀਨ ਆਉਂਦੇ ਪਿੰਡਾਂ ਦੀ ਮੈਪਿੰਗ ਕੀਤੀ ਗਈ ਹੈ, ਜਿਸ ਤਹਿਤ ਕੁੱਲ 12,960 ਪਿੰਡਾਂ 'ਚ 12,027 ਪਿੰਡ ਮੈਪਿੰਗ ਤਹਿਤ ਕਵਰ ਕੀਤੇ ਜਾ ਚੁੱਕੇ ਹਨ | ਫਾਰਮਰ ਆਈ.ਡੀ. ਬਣਾਉਣ ਲਈ ਕੇਂਦਰ ਸਰਕਾਰ ਵਲੋਂ ਐਗਰੀ ਸਟੈਕ ਨਾਂਅ ਦਾ ਪੋਰਟਲ ਤਿਆਰ ਕੀਤਾ ਗਿਆ ਹੈ, ਜਿਸ 'ਤੇ ਕਿਸਾਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ | ਇਸ ਵਿਚ ਕਿਸਾਨ ਦੀ ਜ਼ਮੀਨ ਦਾ ਰਕਬਾ ਤੇ ਹੋਰ ਪਰਿਵਾਰਕ ਤੇ ਜ਼ਮੀਨੀ ਰਿਕਾਰਡ ਨਾਲ ਸੰਬੰਧਿਤ ਜਾਣਕਾਰੀਆਂ ਦਰਜ ਕੀਤੀਆਂ ਜਾ ਰਹੀਆਂ ਹਨ | ਇਸ ਕੰਮ ਲਈ ਵਿਭਾਗ ਵਲੋਂ ਸੂਬੇ ਅੰਦਰ ਕੁੱਲ 1,336 ਡਾਟਾ ਐਂਟਰੀ ਆਪ੍ਰੇਟਰ ਲਾਏ ਗਏ ਹਨ ਜੋ ਰੋਜ਼ਾਨਾ ਪਿੰਡਾਂ 'ਚ ਜਾ ਕੇ ਕਿਸਾਨਾਂ ਦੀ ਰਜਿਸਟ੍ਰੇਸ਼ਨ ਕਰ ਰਹੇ ਹਨ | ਇਸ ਨਾਲ ਹੀ ਕਮਿਊਨਿਟੀ ਸਰਵਿਸ ਸੈਂਟਰਾਂ 'ਚ ਵੀ ਕਿਸਾਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਤੇ ਕਿਸਾਨ ਖੁਦ ਵੀ ਇਸ ਪੋਰਟਲ 'ਤੇ ਆਪਣੇ-ਆਪ ਨੂੰ ਰਜਿਸਟਰ ਕਰ ਸਕਦੇ ਹਨ | ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਨੀਕ ਆਈ.ਡੀ. ਬਣਨ ਨਾਲ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਲਈ ਚਲਾਈਆਂ ਜਾਣ ਵਾਲੀਆਂ ਭਲਾਈ ਯੋਜਨਾਵਾਂ ਤੇ ਮਿਲਣ ਵਾਲੀਆਂ ਸਬਸਿਡੀਆਂ ਦਾ ਲਾਭ ਯੋਗ ਲਾਭਪਾਤਰੀ ਤਕ ਪੁੱਜਣਾ ਯਕੀਨੀ ਬਣ ਜਾਵੇਗਾ | ਇਸ ਨਾਲ ਹੀ ਕਿਸੇ ਵੀ ਪੱਧਰ 'ਤੇ ਸਰਕਾਰੀ ਯੋਜਨਾਵਾਂ ਦੇ ਲਾਭ ਲੈਣ 'ਚ ਕਿਸੇ ਤਰ੍ਹਾਂ ਦੀ ਕੋਈ ਹੇਰਾਫੇਰੀ ਦੀ ਗੁੰਜਾਇਸ਼ ਨਹੀਂ ਰਹੇਗੀ | ਸਰਕਾਰ ਵਲੋਂ ਕਿਸਾਨਾਂ ਨੇ ਫਾਰਮਰ ਆਈ.ਡੀ. ਬਣਾਏ ਜਾਣ ਬਾਰੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਮੀਤ ਪ੍ਰਧਾਨ ਮੁਕੇਸ਼ ਚੰਦਰ ਰਾਣੀਭੱਟੀ ਦਾ ਕਹਿਣਾ ਹੈ ਕਿ ਫਾਰਮਰ ਆਈ.ਡੀ. ਬਣਾਉਣ ਦਾ ਕੰਮ ਸ਼ਲਾਘਾਯੋਗ ਫੈਸਲਾ ਹੈ ਪਰ ਜਿਹੜੇ ਕਿਸਾਨ ਜ਼ਮੀਨਾਂ ਠੇਕੇ 'ਤੇ ਲੈ ਕੇ ਵਾਹੀ ਕਰ ਰਹੇ ਹਨ, ਉਨ੍ਹਾਂ ਦੀ ਰਜਿਸਟ੍ਰੇਸ਼ਨ ਹੋਣੀ ਕਾਫੀ ਮੁਸ਼ਕਿਲ ਕੰਮ ਹੈ | ਵਿਸ਼ੇਸ਼ ਕਰਕੇ ਦੁਆਬਾ ਖੇਤਰ ਦੇ ਕਾਸ਼ਤਕਾਰ ਕਿਸਾਨਾਂ ਨੂੰ ਵਧੇਰੇ ਮੁਸ਼ਕਿਲ ਆਵੇਗੀ | ਇਸ ਦਾ ਮੁੱਖ ਕਾਰਨ ਇਹ ਹੈ ਕਿ ਦੁਆਬੇ ਦੇ 85 ਫੀਸਦੀ ਕਿਸਾਨ ਐਨ.ਆਰ.ਆਈ. ਬਣ ਚੁੱਕੇ ਹਨ ਤੇ ਉਨ੍ਹਾਂ ਨੇ ਜ਼ਮੀਨਾਂ ਠੇਕੇ 'ਤੇ ਦਿੱਤੀਆਂ ਹੋਈਆਂ ਹਨ | ਉਹ ਕਦੇ ਵੀ ਜ਼ਮੀਨੀ ਰਿਕਾਰਡ ਕਾਸ਼ਤਕਾਰ ਦੇ ਨਾਂਅ 'ਤੇ ਦਰਜ ਨਹੀਂ ਕਰਨ ਦੇਣਗੇ, ਜਿਸ ਨਾਲ ਠੇਕੇ 'ਤੇ ਵਾਹੀ ਕਰਨ ਵਾਲੇ ਕਿਸਾਨਾਂ ਨੂੰ ਸਰਕਾਰੀ ਯੋਜਨਾਵਾਂ ਤੇ ਸਬਸਿਡੀਆਂ ਦਾ ਲਾਭ ਨਹੀਂ ਮਿਲ ਸਕੇਗਾ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਸਟੇਟ ਬੈਂਕ ਦੇ ਮੁਲਾਜ਼ਮਾਂ ਦੀ ਦੋ ਰੋਜ਼ਾ ਦੇਸ਼ ਵਿਆਪੀ ਹੜਤਾਲ 25-26 ਨੂੰ ਅਗਲੀ ਖ਼ਬਰ ਨੀਟ ਪ੍ਰੀਖਿਆ 'ਚ ਬਦਲਾਅ ਦੇ ਐਲਾਨ ਦਾ ਸਵਾਗਤ, ਵਿਦਿਆਰਥੀਆਂ ਲਈ ਹੋਣਗੇ ਲਾਭਦਾਇਕ- ਨਿਤਿਨ ਕੁਕਰੇਜਾ
Ad Position 24