ਪਟਿਆਲਾ, 21 ਮਈ (ਮਨਦੀਪ ਸਿੰਘ ਖਰੌੜ)-ਸਥਾਨਕ ਨਿਊ ਲਾਲ ਬਾਗ਼ ਦੇ ਪੀ.ਜੀ. 'ਚ ਰਹਿੰਦੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ 'ਚ ਐਮ.ਬੀ.ਬੀ.ਐਸ. ਦੀ ਚੌਥੇ ਸਾਲ ਦੀ ਪੜ੍ਹਾਈ ਕਰ ਰਹੇ ਡਾ. ਕਮਲਦੀਪ ਦੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਪਟਿਆਲਾ ਪੁਲਿਸ ਨੇ ਦੱਸਿਆ ਹੈ ਕਿ ਡਾਕਟਰ ਦਾ ਕਤਲ ਉਸ ਦੇ ਬਚਪਨ ਦੇ ਦੋਸਤ ਮੋਹਿਤ ਵਰਮਾ ਨੇ ਉਸ ਦੀ ਤਰੱਕੀ ਤੇ ਈਰਖਾ ਕਰਨ ਤੇ ਪੈਸੇ ਨਾ ਮੋੜਨ ਦੇ ਚੱਕਰ 'ਚ ਕੀਤਾ ਸੀ | ਇਸ ਸੰਬੰਧੀ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ. (ਡੀ) ਸੁਖਅੰਮਿ੍ਤ ਸਿੰਘ ਰੰਧਾਵਾ ਦੀ ਅਗਵਾਈ 'ਚ ਸੀ.ਆਈ.ਏ. ਪਟਿਆਲਾ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਤੇ ਹੋਰ ਪੁਲਿਸ ਟੀਮਾਂ ਵਲੋਂ ਉਕਤ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁਲਜ਼ਮ ਮੋਹਿਤ ਵਰਮਾ ਡਾ. ਕਮਲਦੀਪ ਸਿੰਘ ਦਾ ਗੁਆਂਢੀ ਹੋਣ ਦੇ ਨਾਲ-ਨਾਲ ਪਹਿਲੀ ਜਮਾਤ ਤੋਂ 12ਵੀਂ ਤੱਕ ਉਸ ਦੇ ਨਾਲ ਹੀ ਪੜਿ੍ਹਆ ਹੈ | ਬਾਅਦ ਵਿਚ ਕਮਲਦੀਪ ਨੇ ਮਿਹਨਤ ਕਰਕੇ ਪਟਿਆਲਾ ਦੇ ਮੈਡੀਕਲ ਕਾਲਜ 'ਚ ਐਮ.ਬੀ.ਬੀ.ਐਸ. ਕਰਨ ਲੱਗ ਗਿਆ ਤੇ ਮੋਹਿਤ ਆਪਣੇ ਪਿਤਾ ਦੀ ਦੁਕਾਨ 'ਤੇ ਕੰਮ ਕਰਨ ਲੱਗ ਪਿਆ | ਮੋਹਿਤ ਆਪਣੇ ਦੋਸਤ ਡਾਕਟਰ ਦੀ ਤਰੱਕੀ 'ਤੇ ਈਰਖਾ ਖਾਂਦਾ ਸੀ | ਬਾਅਦ 'ਚ ਦੋਨਾਂ ਨੇ ਸ਼ੇਅਰ ਮਾਰਕੀਟ 'ਚ ਕੁੱਝ ਪੈਸੇ ਵੀ ਲਗਾਏ ਸੀ | 17 ਤਾਰੀਖ਼ ਦੀ ਰਾਤ ਉਹ ਕਮਲਦੀਪ ਦੇ ਪਟਿਆਲਾ ਵਿਖੇ ਪੀ.ਜੀ. ਦੇ ਕਮਰੇ 'ਚ ਆਇਆ ਤੇ ਸਵੇਰੇ ਜਦੋਂ ਕਮਲਦੀਪ ਨਹਾ ਕੇ ਵਾਪਸ ਆਇਆ ਤਾਂ ਮੁਲਜ਼ਮ ਮੋਹਿਤ ਨੇ ਸਾਜ਼ਿਸ਼ ਤਹਿਤ ਬਾਥਰੂਮ ਦੇ ਦਰਵਾਜ਼ੇ ਦੇ ਬਾਹਰ ਖੜ੍ਹ ਕੇ ਉਸ ਦੀ ਗਰਦਨ 'ਤੇ ਚਾਕੂ ਮਾਰਿਆ ਤੇ ਬਾਅਦ 'ਚ ਚਾਕੂ ਦਾ ਮੁੱਠਾ ਟੁੱਟਣ ਕਾਰਨ ਉਸ ਨੇ 30 ਦੇ ਕਰੀਬ ਵਾਰ ਕਮਲਦੀਪ ਦੇ ਸਰੀਰ 'ਤੇ ਕੀਤੇ ਤੇ ਆਪ ਫ਼ਰਾਰ ਹੋ ਗਿਆ | ਐਸ.ਐਸ.ਪੀ. ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਸਿਵਲ ਲਾਈਨ 'ਚ ਕਤਲ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਬਚਪਨ ਦਾ ਦੋਸਤ ਹੀ ਨਿਕਲਿਆ ਕਾਤਲ- ਮਾਮਲਾ ਡਾ. ਕਮਲਦੀਪ ਕਤਲ ਦਾ
ਅਜੀਤ ਡੈਸਕ
22-05-2026