ਪੰਚਕੂਲਾ, 22 ਮਈ (ਕਪਿਲ)-ਇਕ ਵੈੱਬ ਸੀਰੀਜ਼ 'ਚ ਔਰਤਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਣ ਦੇ ਮਾਮਲੇ 'ਚ ਅਦਾਕਾਰ ਯੋਗਰਾਜ ਸਿੰਘ ਦੀਆਂ ਮੁਸ਼ਕਿਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ | ਪੰਜਾਬ ਰਾਜ ਮਹਿਲਾ ਕਮਿਸ਼ਨ ਤੋਂ ਬਾਅਦ ਹੁਣ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ ਸੰਬੰਧੀ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਨੂ ਭਾਟੀਆ ਨੇ ਦੱਸਿਆ ਕਿ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਲਈ 'ਲੀਗਲ ਪ੍ਰੋਸੈੱਸ' ਨੂੰ ਵੇਖਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਯੋਗਰਾਜ ਦੇ ਬਿਆਨ ਨਾਲ ਨਾ ਸਿਰਫ ਔਰਤਾਂ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ, ਸਗੋਂ ਉਨ੍ਹਾਂ ਨੇ ਆਪਣੇ ਪੁੱਤਰ ਯੁਵਰਾਜ ਸਿੰਘ ਦਾ ਨਾਂਅ ਵੀ ਖ਼ਰਾਬ ਕੀਤਾ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਵਲੋਂ ਯੋਗਰਾਜ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ | ਮਾਮਲੇ ਵਿਚ ਅਗਾਊਾ ਜ਼ਮਾਨਤ ਲਈ ਯੋਗਰਾਜ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਹੋਈ ਹੈ |