ਭਾਰਤ ਵਲੋਂ ਖਰੀਫ ਫਸਲਾਂ ਨੂੰ ਬਚਾਉਣ ਲਈ ਤਿਆਰੀਆਂ ਤੇਜ਼
ਮੂਨਕ, 23 ਮਈ (ਕੇਵਲ ਸਿੰਗਲਾ)-ਦੇਸ਼ ਵਿਚ ਇਸ ਸਾਲ ਸੰਭਾਵਿਤ ਕਮਜ਼ੋਰ ਮਾਨਸੂਨ ਤੇ ਐਲ ਨੀਨੋ ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਖਰੀਫ ਮੌਸਮ ਲਈ ਸੰਕਟ ਪ੍ਰਬੰਧਨ ਯੋਜਨਾਵਾਂ ਨੂੰ ਤੇਜ਼ ਕਰ ਦਿੱਤਾ ਹੈ | ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਜ਼ਿਲ੍ਹਾ-ਵਾਰ ਫਸਲੀ ਯੋਜਨਾਵਾਂ ਤਿਆਰ ਕਰਨ ਅਤੇ ਘੱਟ ਪਾਣੀ ਨਾਲ ਤਿਆਰ ਹੋਣ ਵਾਲੀਆਂ ਫਸਲਾਂ ਨੂੰ ਉਤਸ਼ਾਹਿਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ | ਸਰਕਾਰੀ ਅਧਿਕਾਰੀਆਂ ਮੁਤਾਬਕ ਇਸ ਵਾਰ ਦਾਲਾਂ, ਮੋਟੇ ਅਨਾਜ (ਮਿਲਟਸ) ਅਤੇ ਛੋਟੀ ਮਿਆਦ ਵਾਲੀਆਂ ਸਬਜ਼ੀ ਫਸਲਾਂ 'ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ | ਇਹ ਫਸਲਾਂ ਘੱਟ ਪਾਣੀ ਵਿਚ ਵੀ ਤਿਆਰ ਹੋ ਜਾਂਦੀਆਂ ਹਨ ਤੇ ਮੌਸਮੀ ਉਥਲ-ਪੁਥਲ ਦੇ ਪ੍ਰਭਾਵ ਨੂੰ ਘਟਾਉਣ ਵਿਚ ਮਦਦਗਾਰ ਮੰਨੀਆਂ ਜਾਂਦੀਆਂ ਹਨ | ਮਾਨਸੂਨ ਆਮ ਤੋਂ ਘੱਟ ਰਹਿਣ ਦਾ ਅਨੁਮਾਨ ਭਾਰਤੀ ਮੌਸਮ ਵਿਭਾਗ ਨੇ ਇਸ ਸਾਲ ਮਾਨਸੂਨ ਨੂੰ ਲੰਬੇ ਸਮੇਂ ਦੀ ਔਸਤ ਦੇ ਕਰੀਬ 92 ਫ਼ੀਸਦੀ ਰਹਿਣ ਦਾ ਅਨੁਮਾਨ ਜਤਾਇਆ ਹੈ | ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਐਲ ਨੀਨੋ ਕਾਰਨ ਦੇਸ਼ ਵਿਚ ਸੋਕੇ ਵਰਗੇ ਹਾਲਾਤ ਬਣਨ ਦੀ ਸੰਭਾਵਨਾ ਲਗਭਗ 35 ਫ਼ੀਸਦੀ ਹੈ | ਐਲ ਨੀਨੋ ਆਮ ਤੌਰ 'ਤੇ ਕਮਜ਼ੋਰ ਬਾਰਿਸ਼, ਉੱਚੇ ਤਾਪਮਾਨ ਤੇ ਖੇਤੀ ਉਤਪਾਦਨ ਵਿਚ ਕਮੀ ਨਾਲ ਜੋੜਿਆ ਜਾਂਦਾ ਹੈ | ਇਸ ਸਥਿਤੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਸੰਭਾਵਿਤ ਪ੍ਰਭਾਵਿਤ ਜ਼ਿਲਿ੍ਹਆਂ ਵਿਚ ਸੁੱਕਾ-ਰੋਧੀ ਬੀਜਾਂ ਦੀ ਵੰਡ ਸ਼ੁਰੂ ਕਰ ਦਿੱਤੀ ਹੈ | ਖੇਤੀ ਮੰਤਰਾਲਾ ਮੌਸਮ ਦੀ ਨਿਗਰਾਨੀ, ਬੀਜਾਂ ਦੀ ਉਪਲਬਧਤਾ ਤੇ ਕਿਸਾਨਾਂ ਨੂੰ ਤੁਰੰਤ ਸਲਾਹ ਦੇਣ ਲਈ 'ਮਿਸ਼ਨ ਮੋਡ' ਵਿਚ ਕੰਮ ਕਰ ਰਿਹਾ ਹੈ | ਖਰੀਫ ਮੌਸਮ ਦੌਰਾਨ ਜੂਨ ਤੇ ਜੁਲਾਈ ਵਿਚ ਧਾਨ, ਦਾਲਾਂ, ਤੇਲਹਨ, ਗੰਨਾ ਅਤੇ ਕਪਾਹ ਵਰਗੀਆਂ ਮੁੱਖ ਫਸਲਾਂ ਦੀ ਬੀਜਾਈ ਹੁੰਦੀ ਹੈ, ਜਦਕਿ ਕਟਾਈ ਸਤੰਬਰ ਅਤੇ ਅਕਤੂਬਰ ਵਿਚ ਕੀਤੀ ਜਾਂਦੀ ਹੈ | ਪਰ ਇਸ ਵਾਰ ਮਾਨਸੂਨੀ ਅਣਿਸ਼ਚਿਤਤਾ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ | ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਾਲ ਹੀ ਵਿਚ ਹੋਈ ਸਮੀਖਿਆ ਬੈਠਕ ਦੌਰਾਨ ਅਧਿਕਾਰੀਆਂ ਨੂੰ ਵਿਸ਼ੇਸ਼ ਕਾਰਵਾਈ ਯੋਜਨਾਵਾਂ ਤਿਆਰ ਕਰਨ ਲਈ ਕਿਹਾ | ਉਨ੍ਹਾਂ ਨੇ ਬੀਜ, ਖਾਦ ਤੇ ਹੋਰ ਜ਼ਰੂਰੀ ਖੇਤੀ ਸਮੱਗਰੀ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਨਾਲ ਵਿਕਲਪੀ ਫਸਲਾਂ ਅਤੇ ਦੇਰੀ ਨਾਲ ਬੀਜਾਈ ਦੀ ਰਣਨੀਤੀ 'ਤੇ ਵੀ ਜ਼ੋਰ ਦਿੱਤਾ | ਦੁਨੀਆ ਭਰ ਵਿਚ ਵੀ ਵਧੀ ਚਿੰਤਾ ਐਲ ਨੀਨੋ ਦਾ ਖਤਰਾ ਸਿਰਫ਼ ਭਾਰਤ ਤੱਕ ਸੀਮਿਤ ਨਹੀਂ ਹੈ | ਦੁਨੀਆ ਦੇ ਕਈ ਦੇਸ਼ਾਂ ਵਿਚ ਇਸ ਕਾਰਨ ਖੇਤੀਬਾੜੀ ਉਤਪਾਦਨ ਪ੍ਰਭਾਵਿਤ ਹੋਣ ਦਾ ਖਤਰਾ ਬਣ ਗਿਆ ਹੈ | ਮਾਹਿਰਾਂ ਮੁਤਾਬਕ ਐਲ ਨੀਨੋ ਦੌਰਾਨ ਕਿਤੇ ਭਾਰੀ ਬਾਰਿਸ਼ ਤੇ ਹੜ੍ਹ ਆਉਂਦੇ ਹਨ ਤਾਂ ਕਿਤੇ ਲੰਬੇ ਸਮੇਂ ਦਾ ਸੋਕਾ ਪੈ ਜਾਂਦਾ ਹੈ | ਦੱਖਣੀ ਅਮਰੀਕਾ ਵਿਚ ਬ੍ਰਾਜ਼ੀਲ ਤੇ ਪੇਰੂ ਵਰਗੇ ਦੇਸ਼ਾਂ ਵਿਚ ਹੜ੍ਹਾਂ ਦਾ ਖਤਰਾ ਵਧ ਸਕਦਾ ਹੈ, ਜਦਕਿ ਏਸ਼ੀਆ ਦੇ ਭਾਰਤ, ਥਾਈਲੈਂਡ, ਇੰਡੋਨੇਸ਼ੀਆ ਅਤੇ ਫਿਲੀਪੀਨਜ਼ ਵਿਚ ਚੌਲ ਦੀ ਪੈਦਾਵਾਰ ਘਟਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਪੱਛਮੀ ਅਫ਼ਰੀਕਾ ਵਿਚ ਕੋਕੋ ਤੇ ਕੋਲੰਬੀਆ ਵਿਚ ਕੌਫੀ ਦੀ ਫਸਲ ਨੂੰ ਵੀ ਨੁਕਸਾਨ ਹੋ ਸਕਦਾ ਹੈ | ਖਾਦ ਮਹਿੰਗਾਈ ਵਧਣ ਦੇ ਸੰਕੇਤ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਐਲ ਨੀਨੋ ਤਾਕਤਵਰ ਰੂਪ ਧਾਰਦਾ ਹੈ ਤਾਂ ਵਿਸ਼ਵ ਪੱਧਰ 'ਤੇ ਚੌਲ, ਚੀਨੀ, ਕੌਫੀ ਅਤੇ ਹੋਰ ਖਾਦ ਪਦਾਰਥਾਂ ਦੀਆਂ ਕੀਮਤਾਂ ਵਿਚ ਤੇਜ਼ ਵਾਧਾ ਹੋ ਸਕਦਾ ਹੈ | ਪਹਿਲਾਂ ਹੀ ਅੰਤਰਰਾਸ਼ਟਰੀ ਤਣਾਵਾਂ ਤੇ ਯੁੱਧ ਕਾਰਨ ਖਾਦਾਂ ਅਤੇ ਖੇਤੀ ਲਾਗਤਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ਅਤੇ ਆਮ ਲੋਕਾਂ ਦੋਵਾਂ 'ਤੇ ਆਰਥਿਕ ਦਬਾਅ ਵਧ ਸਕਦਾ ਹੈ | ਖੇਤੀ ਵਿਗਿਆਨੀਆਂ ਦੇ ਅਧਿਐਨ ਅਨੁਸਾਰ ਐਲ ਨੀਨੋ ਵਾਲੇ ਸਾਲਾਂ ਵਿਚ ਦੇਸ਼ ਦੇ ਕਈ ਜ਼ਿਲਿ੍ਹਆਂ ਵਿਚ ਖਰੀਫ ਫਸਲਾਂ ਦਾ ਉਤਪਾਦਨ 10 ਫੀਸਦੀ ਤੋਂ ਵੱਧ ਘਟ ਜਾਂਦਾ ਹੈ | ਇਸੇ ਕਰਕੇ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਪਹਿਲਾਂ ਹੀ ਤਿਆਰੀਆਂ ਨੂੰ ਤੇਜ਼ ਕਰ ਦਿੱਤਾ ਹੈ ਤਾਂ ਜੋ ਸੰਭਾਵਿਤ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ |
ਦੁਨੀਆ ਭਰ ਵਿਚ ਖਾਦ ਸੰਕਟ ਤੇ ਮਹਿੰਗਾਈ ਵਧਣ ਦੀ ਚਿੰਤਾ, ਕਈ ਦੇਸ਼ਾਂ ਦੀਆਂ ਫ਼ਸਲਾਂ ਖ਼ਤਰੇ 'ਚ
ਅਜੀਤ ਡੈਸਕ
24-05-2026