31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪੰਜਾਬ ਵਿਚ ਮੂੰਗੀ ਹੇਠਲਾ ਰਕਬਾ ਘਟਣਾ ਖੇਤੀ ਵਿਭਿੰਨਤਾ ਲਈ ਘਾਟੇਵੰਦ

Ad Position 21
No active advertisement
ਅਜੀਤ ਡੈਸਕ 24-05-2026

ਕਿਸਾਨਾਂ ਨੇ ਸੱਠੀ ਮੂੰਗੀ ਦੀ ਬਿਜਾਈ ਤੋਂ ਮੂੰਹ ਮੋੜਿਆ, ਮੰਡੀਕਰਨ ਬਣਿਆ ਵੱਡਾ ਕਾਰਨ
ਜੈਤੋ, 23 ਮਈ (ਗੁਰਮੀਤਪਾਲ ਰੋੜੀਕਪੂਰਾ)-ਪੰਜਾਬ ਦੀ ਖੇਤੀਬਾੜੀ ਇਕ ਵੱਡੇ ਬਦਲਾਅ ਦੇ ਦੌਰ ਵਿਚੋਂ ਗੁਜ਼ਰ ਰਹੀ ਹੈ | ਲਗਾਤਾਰ ਡਿੱਗ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ, ਵੱਧ ਰਹੇ ਖੇਤੀ ਖਰਚੇ ਅਤੇ ਰਵਾਇਤੀ ਫ਼ਸਲੀ ਚੱਕਰ ਦੇ ਨੁਕਸਾਨਾਂ ਨੂੰ ਦੇਖਦਿਆਂ ਪਿਛਲੇ ਕਈ ਸਾਲਾਂ ਤੋਂ ਖੇਤੀ ਵਿਭਿੰਨਤਾ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ | ਇਸੇ ਤਹਿਤ ਸਰਕਾਰ ਵਲੋਂ ਕਿਸਾਨਾਂ ਨੂੰ ਝੋਨਾ-ਕਣਕ ਦੇ ਰਵਾਇਤੀ ਚੱਕਰ ਤੋਂ ਬਾਹਰ ਕੱਢ ਕੇ ਦਾਲਾਂ ਅਤੇ ਹੋਰ ਬਦਲਵੀਂ ਫ਼ਸਲਾਂ ਵੱਲ ਪ੍ਰੇਰਿਤ ਕਰਨ ਦੇ ਉਪਰਾਲੇ ਕੀਤੇ ਗਏ ਪਰ ਇਸ ਸਭ ਦੇ ਬਾਵਜੂਦ ਪੰਜਾਬ ਵਿਚ ਸੱਠੀ ਮੂੰਗੀ ਹੇਠਲਾ ਰਕਬਾ ਘਟਣਾ ਖੇਤੀ ਵਿਭਿੰਨਤਾ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ | ਇਸ ਵਾਰ ਵੀ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸੱਠੀ ਮੂੰਗੀ ਦੀ ਬਿਜਾਈ ਤੋਂ ਮੂੰਹ ਮੋੜ ਲਿਆ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਮੂੰਗੀ ਦੀ ਫ਼ਸਲ ਘੱਟ ਸਮੇਂ ਵਿਚ ਤਿਆਰ ਹੋ ਜਾਂਦੀ ਹੈ ਅਤੇ ਇਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ, ਪਰ ਮੰਡੀਕਰਨ ਦੀਆਂ ਗੰਭੀਰ ਸਮੱਸਿਆਵਾਂ ਕਾਰਨ ਉਹ ਇਸ ਦੀ ਕਾਸ਼ਤ ਕਰਨ ਤੋਂ ਹਿਚਕਚਾਉਂਦੇ ਹਨ | ਕਿਸਾਨਾਂ ਮੁਤਾਬਿਕ ਫ਼ਸਲ ਤਿਆਰ ਹੋਣ ਤੋਂ ਬਾਅਦ ਮੰਡੀ ਵਿਚ ਉਚਿਤ ਭਾਅ ਨਾ ਮਿਲਣਾ, ਸਰਕਾਰੀ ਖਰੀਦ ਦਾ ਸਪੱਸ਼ਟ ਪ੍ਰਬੰਧ ਨਾ ਹੋਣਾ ਅਤੇ ਪ੍ਰਾਈਵੇਟ ਵਪਾਰੀਆਂ 'ਤੇ ਨਿਰਭਰ ਰਹਿਣਾ ਉਨ੍ਹਾਂ ਲਈ ਵੱਡੀ ਮੁਸ਼ਕਿਲ ਬਣ ਜਾਂਦਾ ਹੈ | ਕਈ ਕਿਸਾਨਾਂ ਨੇ ਦੱਸਿਆ ਕਿ ਮੂੰਗੀ ਦੀ ਫ਼ਸਲ ਵੇਚਣ ਲਈ ਉਨ੍ਹਾਂ ਨੂੰ ਮੰਡੀਆਂ ਵਿਚ ਲੰਮਾ ਸਮਾਂ ਉਡੀਕ ਕਰਨੀ ਪੈਂਦੀ ਹੈ | ਇਸ ਤੋਂ ਇਲਾਵਾ ਭੁਗਤਾਨ ਵਿਚ ਦੇਰੀ ਹੋਣ ਕਰਕੇ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ | ਕਈ ਵਾਰ ਉਨ੍ਹਾਂ ਨੂੰ ਆਪਣੀ ਫ਼ਸਲ ਘੱਟ ਕੀਮਤ 'ਤੇ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਉਮੀਦ ਮੁਤਾਬਕ ਲਾਭ ਨਹੀਂ ਮਿਲਦਾ | ਇਹੀ ਕਾਰਨ ਹੈ ਕਿ ਬਹੁਤ ਸਾਰੇ ਕਿਸਾਨ ਮੁੜ ਝੋਨੇ ਅਤੇ ਕਣਕ ਵਰਗੀਆਂ ਰਵਾਇਤੀ ਫ਼ਸਲਾਂ ਵੱਲ ਵਾਪਸ ਮੁੜ ਰਹੇ ਹਨ | ਖੇਤੀ ਮਾਹਿਰਾਂ ਅਨੁਸਾਰ ਮੂੰਗੀ ਵਰਗੀਆਂ ਦਾਲਾਂ ਪੰਜਾਬ ਲਈ ਬਹੁਤ ਹੀ ਲਾਭਕਾਰੀ ਹਨ | ਇਹ ਫ਼ਸਲ ਨਾ ਸਿਰਫ਼ ਘੱਟ ਪਾਣੀ ਨਾਲ ਤਿਆਰ ਹੋ ਜਾਂਦੀ ਹੈ, ਸਗੋਂ ਮਿੱਟੀ ਵਿਚ ਨਾਈਟ੍ਰੋਜਨ ਦੀ ਮਾਤਰਾ ਵਧਾ ਕੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਵੀ ਬਰਕਰਾਰ ਰੱਖਦੀ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਪੰਜਾਬ ਨੂੰ ਭਵਿੱਖ ਵਿਚ ਪਾਣੀ ਦੇ ਸੰਕਟ ਤੋਂ ਬਚਾਉਣਾ ਹੈ ਤਾਂ ਦਾਲਾਂ ਦੀ ਕਾਸ਼ਤ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ | ਮੂੰਗੀ ਦੀ ਫ਼ਸਲ ਝੋਨੇ ਤੋਂ ਪਹਿਲਾਂ ਘੱਟ ਸਮੇਂ ਵਿਚ ਤਿਆਰ ਹੋ ਜਾਂਦੀ ਹੈ, ਜਿਸ ਨਾਲ ਕਿਸਾਨਾਂ ਨੂੰ ਪਾਣੀ ਦੀ ਬਚਤ ਦੇ ਨਾਲ-ਨਾਲ ਵਾਧੂ ਆਮਦਨ ਦਾ ਵੀ ਮੌਕਾ ਮਿਲ ਸਕਦਾ ਹੈ | ਕਿਸਾਨ ਜਥੇਬੰਦੀਆਂ ਅਤੇ ਖੇਤੀ ਮਾਹਿਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਨੀਤੀ ਤਿਆਰ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਜਦ ਤੱਕ ਮੂੰਗੀ ਅਤੇ ਹੋਰ ਦਾਲਾਂ ਦੇ ਮੰਡੀਕਰਨ ਦੀ ਪੱਕੀ ਵਿਵਸਥਾ ਨਹੀਂ ਕੀਤੀ ਜਾਂਦੀ, ਤਦ ਤੱਕ ਕਿਸਾਨ ਇਸ ਫਸਲ ਵੱਲ ਵੱਡੇ ਪੱਧਰ 'ਤੇ ਆਕਰਸ਼ਿਤ ਨਹੀਂ ਹੋਣਗੇ | ਮਾਹਿਰਾਂ ਦਾ ਮੰਨਣਾ ਹੈ ਕਿ ਖੇਤੀ ਵਿਭਿੰਨਤਾ ਸਿਰਫ਼ ਨਾਅਰਿਆਂ ਨਾਲ ਸੰਭਵ ਨਹੀਂ, ਸਗੋਂ ਇਸ ਲਈ ਮਜ਼ਬੂਤ ਨੀਤੀਆਂ ਅਤੇ ਜ਼ਮੀਨੀ ਪੱਧਰ 'ਤੇ ਢੁੱਕਵੇਂ ਪ੍ਰਬੰਧ ਕਰਨੇ ਪੈਣਗੇ | ਜੇਕਰ ਪੰਜਾਬ ਵਿਚ ਦਾਲਾਂ ਦੀ ਕਾਸ਼ਤ ਨੂੰ ਸਹੀ ਦਿਸ਼ਾ ਅਤੇ ਯਕੀਨੀ ਮੰਡੀਕਰਨ ਮਿਲਦਾ ਹੈ ਤਾਂ ਇਹ ਨਾ ਸਿਰਫ਼ ਕਿਸਾਨਾਂ ਦੀ ਆਮਦਨ ਵਧਾਉਣ ਵਿਚ ਸਹਾਇਕ ਸਾਬਤ ਹੋਵੇਗੀ, ਸਗੋਂ ਧਰਤੀ ਹੇਠਲੇ ਪਾਣੀ ਦੀ ਬਚਤ ਅਤੇ ਮਿੱਟੀ ਦੀ ਸਿਹਤ ਸੁਧਾਰਨ ਵਿਚ ਵੀ ਅਹਿਮ ਭੂਮਿਕਾ ਨਿਭਾਏਗੀ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਖੇਤੀ ਅਤੇ ਵਾਤਾਵਰਨ ਲਈ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਦੁਨੀਆ ਭਰ ਵਿਚ ਖਾਦ ਸੰਕਟ ਤੇ ਮਹਿੰਗਾਈ ਵਧਣ ਦੀ ਚਿੰਤਾ, ਕਈ ਦੇਸ਼ਾਂ ਦੀਆਂ ਫ਼ਸਲਾਂ ਖ਼ਤਰੇ 'ਚ ਅਗਲੀ ਖ਼ਬਰ ਸ੍ਰੀ ਸੁਖਮਨੀ ਗਰੁੱਪ ਆਫ ਇੰਸਟੀਚਿਊਸ਼ਨਜ਼ ਡੇਰਾਬੱਸੀ ਵਿਚ ਦਾਖਲੇ ਜੋਰਾਂ-ਸ਼ੋਰਾਂ ਨਾਲ ਸ਼ੁਰੂ <br/>
Ad Position 24