ਜਲੰਧਰ, 24 ਮਈ (ਜਤਿੰਦਰ ਪੰਮੀ)-ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ ਨੇ ਗੈਂਗਸਟਰ ਸੁਨੀਲ ਨਾਟਾ ਤੇ ਡੋਨੀ ਬੱਲ ਗਰੋਹ ਦੇ ਮੁੱਖ ਮੈਂਬਰ ਨੂੰ ਹੈਰੋਇਨ ਤੇ ਪਿਸਤੌਲਾਂ ਸਮੇਤ ਕਾਬੂ ਕੀਤਾ ਹੈ | ਮੁਲਜ਼ਮ ਦੀ ਪਛਾਣ ਸੁੱਚਾ ਸਿੰਘ ਉਰਫ ਸੰਨੀ ਵਾਸੀ ਪਿੰਡ ਤੇ ਥਾਣਾ ਫਤਿਹਗੜ੍ਹ ਪੰਜਤੂਰ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ | ਸੰਨੀ ਖ਼ਿਲਾਫ਼ ਥਾਣਾ ਲਾਂਬੜਾ ਵਿਖੇ ਆਰਮਜ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਸੁੱਚਾ ਸਿੰਘ ਉਰਫ ਸੰਨੀ ਖ਼ਿਲਾਫ਼ ਪਹਿਲਾਂ ਵੀ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਥਾਣਿਆਂ 'ਚ ਪੰਜ ਮੁਕੱਦਮੇ ਦਰਜ ਹਨ | ਇਸ ਸੰਬੰਧੀ ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਦਿਹਾਤੀ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਹੇਠ ਟੀਮ ਨੇ ਇਸ ਅਪਰਾਧੀ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਗੁਪਤ ਸੂਚਨਾ ਦੇ ਆਧਾਰ 'ਤੇ ਬੀਤੇ ਦਿਨ ਐਸ.ਆਈ. ਕਸ਼ਮੀਰ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ ਦੀ ਟੀਮ ਲਾਂਬੜਾ ਇਲਾਕੇ ਵਿਚ ਗਸ਼ਤ ਕਰ ਰਹੀ ਸੀ | ਜਿਸ ਦੌਰਾਨ ਜਦੋਂ ਪੁਲਿਸ ਪਾਰਟੀ ਅੱਡਾ ਪਿੰਡ ਰਾਮਪੁਰ ਲੱਲੀਆਂ ਨੇੜੇ ਪੁੱਜੀ ਤਾਂ ਇਕ ਨੌਜਵਾਨ ਪੁਲਿਸ ਦੀ ਗੱਡੀ ਦੇਖ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ | ਸ਼ੱਕ ਪੈਣ 'ਤੇ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਕਾਲੇ ਰੰਗ ਦੇ ਸਾਈਡ ਬੈਗ ਵਿਚੋਂ 100 ਗ੍ਰਾਮ ਹੈਰੋਇਨ, .32 ਬੋਰ ਦੇ 2 ਪਿਸਤੌਲ ਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ | ਐਸ.ਐਸ.ਪੀ. ਵਿਰਕ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਸੰਨੀ ਪਹਿਲਾਂ ਵੀ ਕਤਲ, ਆਰਮਜ਼ ਐਕਟ ਅਤੇ ਨਸ਼ਾ ਤਸਕਰੀ ਨਾਲ ਸੰਬੰਧਤ ਕਈ ਮਾਮਲਿਆਂ 'ਚ ਸ਼ਾਮਿਲ ਰਿਹਾ ਹੈ | ਉਹ ਵੱਖ-ਵੱਖ ਜੇਲ੍ਹਾਂ 'ਚ ਬੰਦ ਰਿਹਾ ਅਤੇ ਇਸੇ ਸਾਲ 7 ਮਾਰਚ ਨੂੰ ਫਰੀਦਕੋਟ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਇਆ ਸੀ | ਮੁਲਜ਼ਮ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਨੇ 'ਅਭੀ' ਨਾਮੀ ਵਿਅਕਤੀ ਨਾਲ ਮਿਲ ਕੇ ਦੁਬਾਰਾ ਹੈਰੋਇਨ ਦੀ ਤਸਕਰੀ ਸ਼ੁਰੂ ਕੀਤੀ ਸੀ, ਜੋਕਿ ਵਿਦੇਸ਼ 'ਚ ਬੈਠੇ ਗੈਂਗਸਟਰ ਡੋਨੀ ਬੱਲ ਦੇ ਸੰਪਰਕ 'ਚ ਹੈ | ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ |
ਸੁਨੀਲ ਨਾਟਾ ਤੇ ਡੋਨੀ ਬੱਲ ਗਰੋਹ ਦਾ ਮੁੱਖ ਮੈਂਬਰ ਹੈਰੋਇਨ ਤੇ ਪਿਸਤੌਲਾਂ ਸਣੇ ਕਾਬੂ <br/>
ਅਜੀਤ ਡੈਸਕ
25-05-2026