ਫ਼ਾਜ਼ਿਲਕਾ, 24 ਮਈ (ਦਵਿੰਦਰ ਪਾਲ ਸਿੰਘ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੀ ਤਸਕਰੀ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਕਾਊਾਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਦੀ ਟੀਮ ਨੇ ਇਕ ਅਰਬ 40 ਕਰੋੜ ਰੁਪਏ ਦੀ ਨਸ਼ੇ ਦੀ ਵੱਡੀ ਖੇਪ ਸਣੇ ਗਿ੍ਫ਼ਤਾਰ ਕੀਤਾ ਹੈ | ਫੜੇ ਗਏ ਦੋਸ਼ੀਆਂ ਤੋਂ ਸਾਢੇ 9 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ | ਫ਼ਾਜ਼ਿਲਕਾ ਦੇ ਸਟੇਟ ਸਪੈਸ਼ਲ ਸੈੱਲ ਵਿਚ ਫੜੇ ਗਏ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਅੱਜ ਫੜੇ ਗਏ ਦੋਸ਼ੀਆਂ ਨੂੰ ਫ਼ਾਜ਼ਿਲਕਾ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ | ਜਿੱਥੇ ਉਨ੍ਹਾਂ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ | ਜਾਣਕਾਰੀ ਅਨੁਸਾਰ ਕਾਊਾਟਰ ਇੰਟੈਲੀਜੈਂਸ ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਸੀ ਕਿ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਕੁੱਝ ਲੋਕ ਨਸ਼ੇ ਦੀ ਤਸਕਰੀ ਕਰਦੇ ਹਨ | ਇਕ ਨਸ਼ੇ ਦੀ ਵੱਡੀ ਖੇਪ ਜੋ ਕਿ ਪਾਕਿਸਤਾਨ ਤੋਂ ਭਾਰਤ ਵਿਚ ਡਰੋਨ ਰਾਹੀਂ ਪੁੱਜੀ ਹੈ, ਨੂੰ ਭਾਰਤੀ ਤਸਕਰਾਂ ਤੱਕ ਪਹੁੰਚਾਇਆ ਜਾਣਾ ਹੈ | ਜਿਸ ਨੂੰ ਲੈ ਕੇ ਪੁਲਿਸ ਨੇ ਵਿਉਂਤਬੰਦੀ ਬਣਾ ਦੋਸ਼ੀਆਂ ਨੂੰ ਕਰੇਟਾ ਕਾਰ ਸਣੇ ਕਾਬੂ ਕਰ ਲਿਆ | ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 28 ਕਿੱਲੋ 200 ਗਰਾਮ ਹੈਰੋਇਨ ਅਤੇ ਸਾਢੇ 9 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ | ਜਿਸ ਤੋਂ ਬਾਅਦ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਿਚ ਉਕਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ | ਇਹ ਬਰਾਮਦਗੀ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਦੇ ਪਿੰਡ ਪਿੰਡੀ ਅਤੇ ਜੁਆਏ ਸਿੰਘ ਵਾਲਾ ਨੂੰ ਜਾਂਦੀ ਸੜਕ 'ਤੇ ਨਹਿਰ ਦੀ ਪੁਲ ਦੇ ਨੇੜੇ ਕੀਤੀ ਗਈ | ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਦੋਸ਼ੀ ਪਾਕਿਸਤਾਨ ਵਿਚ ਬੈਠੇ ਤਸਕਰਾਂ ਨਾਲ ਮੋਬਾਈਲ ਫ਼ੋਨ ਅਤੇ ਇੰਟਰਨੈੱਟ ਐਪ ਰਾਹੀਂ ਗੱਲਬਾਤ ਕਰਦੇ ਸਨ ਅਤੇ ਇਹ ਨਸ਼ੇ ਦੀ ਖੇਪ ਨੂੰ ਭਾਰਤ ਵਿਚ ਮੰਗਵਾਉਂਦੇ ਸਨ | ਫੜੇ ਗਏ ਦੋਸ਼ੀਆਂ ਦੀ ਪਹਿਚਾਣ ਬਗ਼ੀਚਾ ਸਿੰਘ ਪੁੱਤਰ ਫੌਜ਼ਾ ਸਿੰਘ, ਭੁਪਿੰਦਰ ਸਿੰਘ ਪੁੱਤਰ ਬਗ਼ੀਚਾ ਸਿੰਘ ਵਾਸੀ ਪਿੰਡ ਬੋਘੀ ਵਾਲਾ ਗੁਰੂਹਰਸਹਾਏ ਜ਼ਿਲ੍ਹਾ ਫ਼ਿਰੋਜ਼ਪੁਰ, ਛਿੰਦਰ ਸਿੰਘ ਪੁੱਤਰ ਚੰਦ ਸਿੰਘ ਵਾਸੀ ਲੱਖਾ ਸਿੰਘ ਵਾਲਾ ਹਿਠਾੜ ਮਮਦੋਟ ਫ਼ਿਰੋਜ਼ਪੁਰ ਅਤੇ ਸਾਜਨ ਪੁੱਤਰ ਸੁਰਜੀਤ ਸਿੰਘ ਵਾਸੀ ਅਰਾਈਆਂਵਾਲਾ ਗੁਰੂਹਰਸਹਾਏ ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਹੋਈ | ਫੜੇ ਗਏ ਦੋਸ਼ੀਆਂ 'ਚ ਪਿਓ ਪੁੱਤਰ ਵੀ ਸ਼ਾਮਿਲ ਹਨ | ਫ਼ਾਜ਼ਿਲਕਾ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਥਾਣੇ ਦੇ ਇੰਚਾਰਜ ਸਤੀਸ਼ ਕੁਮਾਰ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ |
28 ਕਿੱਲੋ ਹੈਰੋਇਨ ਤੇ ਸਾਢੇ 9 ਲੱਖ ਦੀ ਨਕਦੀ ਸਮੇਤ 4 ਤਸਕਰ ਗਿ੍ਫ਼ਤਾਰ <br/>
ਅਜੀਤ ਡੈਸਕ
25-05-2026