ਅਮਲੋਹ, 24 ਮਈ (ਹਰਪ੍ਰੀਤ ਸਿੰਘ ਗਿੱਲ)-ਜਿਸ ਤੂੜੀ ਨੂੰ ਪਿਛਲੇ ਸਾਲ ਕਿਸਾਨਾਂ ਨੇ ਖੇਤਾਂ ਵਿਚ ਅੱਗ ਲਗਾ ਕੇ ਫੂਕਿਆ ਸੀ ਇਸ ਵਾਰ ਉਸੇ ਤੂੜੀ ਦੇ ਭਾਅ ਅਸਮਾਨੀ ਚੜ ਗਏ ਹਨ | ਜਿਸ ਕਾਰਨ ਦਿਹਾਤੀ ਖੇਤਰ ਦੇ ਉਨ੍ਹਾਂ ਭੂਮੀ-ਹੀਣ ਲੋਕਾਂ ਲਈ ਬਹੁਤ ਵੱਡੀ ਮੁਸ਼ਕਿਲ ਖੜੀ ਹੋ ਗਈ ਹੈ ਜੋ ਆਪਣਾ ਗੁਜ਼ਾਰਾ ਦੋ-ਚਾਰ ਪਸ਼ੂਆਂ ਦਾ ਦੁੱਧ ਵੇਚ ਕੇ ਕਰਦੇ ਸਨ | ਵਰਨਣਯੋਗ ਹੈ ਕਿ ਇਸ ਵਾਰ ਤੂੜੀ ਦੇ ਰੇਟਾਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਜਿੱਥੇ ਪਿਛਲੇ ਸਾਲ ਤੂੜੀ ਦਾ ਭਾਅ ਮਹਿਜ਼ 180 ਤੋਂ 200 ਰੁਪਏ ਪ੍ਰਤੀ ਕੁਇੰਟਲ ਦੇ ਆਸ-ਪਾਸ ਘੁੰਮਦਾ ਰਿਹਾ, ਉੱਥੇ ਇਸ ਵਾਰ ਇਹ ਚਾਰ ਤੋਂ ਪੰਜ ਗੁਣਾ ਵਧ ਕੇ 700 ਤੋਂ 800 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ | ਹਾਲਾਤ ਇੱਥੋਂ ਤੱਕ ਗੰਭੀਰ ਹੋ ਚੁੱਕੇ ਹਨ ਕਿ ਪੰਜਾਬ ਦੀਆਂ ਕੁਝ ਸਥਾਨਕ ਮੰਡੀਆਂ ਵਿਚ ਪਿਛਲੇ ਦਿਨੀਂ ਤੂੜੀ 1 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਇਤਿਹਾਸਕ ਅੰਕੜੇ ਨੂੰ ਵੀ ਪਾਰ ਕਰ ਗਈ ਹੈ, ਜਿਸ ਕਾਰਨ ਹੁਣ ਪਸ਼ੂਆਂ ਲਈ ਸੁੱਕਾ ਚਾਰਾ ਖ਼ਰੀਦਣਾ ਆਮ ਬੰਦੇ ਦੇ ਵਿੱਤੋਂ ਬਾਹਰ ਹੁੰਦਾ ਜਾ ਰਿਹਾ ਹੈ ਜਿਸ ਦਾ ਸਿੱਧਾ ਅਸਰ ਡੇਅਰੀ ਫਾਰਮਾਂ ਤੇ ਛੋਟੇ ਕਿਸਾਨਾਂ 'ਤੇ ਵੀ ਪੈ ਰਿਹਾ ਹੈ | ਤੂੜੀ ਦੇ ਭਾਅ ਵਿਚ ਹੋਏ ਇਸ ਇਕਦਮ ਵਾਧੇ ਸਬੰਧੀ ਜਦੋਂ ਪਿੰਡ ਪੂਣੀਵਾਲ ਦੇ ਨੌਜਵਾਨਾਂ ਡੇਅਰੀ ਫਾਰਮਰ ਅਵਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਤੂੜੀ ਦੇ ਭਾਅ ਨੂੰ ਲੱਗੀ ਅੱਗ ਦਾ ਸਭ ਤੋਂ ਵੱਡਾ ਕਾਰਨ ਕਣਕ ਦੀ ਫਸਲ 'ਤੇ ਪਈ ਮੌਸਮ ਦੀ ਮਾਰ ਹੈ | ਜਿਸ ਕਰਕੇ ਇਸ ਵਾਰ ਤੂੜੀ ਦੀ ਕੁੱਲ ਪੈਦਾਵਾਰ ਵਿਚ ਬਹੁਤ ਵੱਡੀ ਕਮੀ ਦੇਖਣ ਨੂੰ ਮਿਲੀ ਹੈ | ਪਿੰਡ ਬਰ੍ਹੀਮੇ ਦੇ ਵਸਨੀਕ ਜਸਵਿੰਦਰ ਸਿੰਘ ਜੋ ਵੇਲਰਾਂ ਨਾਲ ਫ਼ਸਲਾਂ ਦੀ ਰਹਿੰਦ-ਖੂੰਹਦ ਦੀਆਂ ਗੱਠਾਂ ਬਣਾ ਕੇ ਕਈ ਉਦਯੋਗਿਕ ਇਕਾਈਆਂ ਨੂੰ ਸਪਲਾਈ ਕਰਦਾ ਹੈ ਨੇ ਪੁੱਛਣ 'ਤੇ ਦੱਸਿਆ ਕਿ ਤੂੜੀ ਦਾ ਉਤਪਾਦਨ ਘਟਣ ਦੇ ਨਾਲ-ਨਾਲ ਹੁਣ ਇਸਦੀ ਵਰਤੋਂ ਉਦਯੋਗਿਕ ਖੇਤਰਾਂ ਜਿਵੇਂ ਕਿ ਬਾਇਓ-ਐਨਰਜੀ ਪਲਾਂਟਾਂ, ਪੇਪਰ ਮਿੱਲਾਂ ਅਤੇ ਪੈਕਜਿੰਗ ਇੰਡਸਟਰੀ ਵਿਚ ਵੀ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਮਾਰਕੀਟ ਵਿਚ ਚੁਤਰਫ਼ੀ ਖਿੱਚ ਪੈਦਾ ਹੋ ਗਈ ਹੈ ਅਤੇ ਰੇਟ ਅਸਮਾਨੀ ਚੜ੍ਹ ਗਏ ਹਨ | ਦੂਜੇ ਪਾਸੇ ਵੱਡੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਇਸ ਦਾ ਫ਼ਾਇਦਾ ਹੋ ਰਿਹਾ ਹੈ ਕਿਉਂਕਿ ਇਕ ਏਕੜ ਰਕਬੇ ਵਿਚੋਂ 16 ਤੋਂ 20 ਕੁਇੰਟਲ ਤੱਕ ਤੂੜੀ ਬਣ ਜਾਂਦੀ ਹੈ ਜਿਸ ਤੋਂ ਕਿਸਾਨਾਂ ਨੂੰ 10-12 ਹਜ਼ਾਰ ਰੁਪਏ ਦੀ ਵੱਟਤ ਆ ਜਾਂਦੀ ਹੈ | ਅੰਤਰਰਾਸ਼ਟਰੀ ਬਾਜ਼ਾਰ ਤੋਂ ਮਿਲ ਰਹੀਆਂ ਰਿਪੋਰਟਾਂ ਮੁਤਾਬਿਕ ਵਾਤਾਵਰਨ ਪੱਖੀ ਖੇਤੀ ਉਤਪਾਦਾਂ ਦੀ ਮੰਗ ਵਧਣ ਕਰਕੇ ਵਿਸ਼ਵ ਪੱਧਰ 'ਤੇ ਕਣਕ ਦੀ ਤੂੜੀ ਦਾ ਬਾਜ਼ਾਰ 5 ਫ਼ੀਸਦੀ ਦੀ ਸਾਲਾਨਾ ਦਰ ਨਾਲ ਵਧ ਰਿਹਾ ਹੈ ਜਿਸਦਾ ਭਵਿੱਖ ਵਿਚ ਖੇਤੀਬਾੜੀ ਖੇਤਰ ਨੂੰ ਚੰਗਾ ਲਾਭ ਮਿਲੇਗਾ ਪਰ ਦੂਜੇ ਪਾਸੇ ਬਣ ਰਹੇ ਇਨ੍ਹਾਂ ਨਵੇਂ ਹਾਲਾਤਾਂ ਦਾ ਡੇਅਰੀ ਧੰਦੇ ਦੇ ਬਜਟ 'ਤੇ ਵੱਡਾ ਬੋਝ ਬਣੇਗਾ |
ਤੂੜੀ ਦੇ ਭਾਅ ਨੇ ਤੋੜੇ ਸਾਰੇ ਰਿਕਾਰਡ 200 ਤੋਂ ਸਿੱਧਾ 800 ਰੁਪਏ ਕੁਇੰਟਲ 'ਤੇ ਪਹੁੰਚਿਆ
ਅਜੀਤ ਡੈਸਕ
25-05-2026