ਪਟਿਆਲਾ, 25 ਮਈ (ਮਨਦੀਪ ਸਿੰਘ ਖਰੌੜ)-ਪਟਿਆਲਾ ਜ਼ਿਲ੍ਹੇ ਦੇ ਥਾਣਾ ਜ਼ੁਲਕਾਂ 'ਚ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖ਼ਿਲਾਫ਼ ਦਰਜ ਕੀਤੇ ਗਏ ਮਾਈਨਿੰਗ ਦੇ ਕੇਸ ਦੀ ਸੁਣਵਾਈ ਦੌਰਾਨ ਅੱਜ ਸਥਾਨਕ ਅਦਾਲਤ ਨੇ ਇਸ ਕੇਸ 'ਚ ਵਿਧਾਇਕ ਨੂੰ ਜ਼ਮਾਨਤ ਦੇ ਦਿੱਤੀ | ਇਸ ਕੇਸ ਦੀ ਬਹਿਸ 21 ਮਈ ਨੂੰ ਮੁਕੰਮਲ ਹੋ ਗਈ ਸੀ ਤੇ ਮਾਣਯੋਗ ਅਦਾਲਤ ਨੇ ਇਸ 'ਤੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ | ਅੱਜ ਮਾਣਯੋਗ ਅਦਾਲਤ ਨੇ ਇਸ ਕੇਸ 'ਚ ਫ਼ੈਸਲਾ ਸੁਣਾਉਂਦਿਆਂ ਮਾਈਨਿੰਗ ਦੇ ਕੇਸ 'ਚ ਜ਼ਮਾਨਤ ਦੇ ਦਿੱਤੀ | ਇਸ ਸੰਬੰਧੀ ਵਿਧਾਇਕ ਦੇ ਵਕੀਲ ਸੁਰਿੰਦਰ ਸਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਅਦਾਲਤ 'ਚ ਪੱਖ ਰੱਖਿਆ ਗਿਆ ਸੀ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਬਿਨਾਂ ਪੜਤਾਲ ਕੀਤੇ ਵਿਧਾਇਕ ਦੇ ਖ਼ਿਲਾਫ਼ ਗ਼ਲਤ ਪਰਚਾ ਦਰਜ ਕੀਤਾ ਗਿਆ ਹੈ ਕਿਉਂਕਿ ਮਾਈਨਿੰਗ ਐਕਟ ਤਹਿਤ ਕਾਰਵਾਈਆਂ ਅਲੱਗ ਹਨ | ਜਿਸ ਦੇ ਮੱਦੇਨਜ਼ਰ ਮਾਣਯੋਗ ਅਦਾਲਤ ਨੇ ਉਨ੍ਹਾਂ ਦੇ ਮੁਵੱਕਲ ਵਿਧਾਇਕ ਪਠਾਣਮਾਜਰਾ ਦੀ ਇਸ ਕੇਸ 'ਚ ਜ਼ਮਾਨਤ ਮਨਜ਼ੂਰ ਕਰ ਲਈ ਹੈ | ਜ਼ਿਕਰਯੋਗ ਹੈ ਕਿ ਵਿਧਾਇਕ ਖ਼ਿਲਾਫ਼ ਥਾਣਾ ਜ਼ੁਲਕਾਂ 'ਚ ਮਾਈਨਿੰਗ ਦੇ ਮਾਮਲੇ 'ਚ 97 ਨੰਬਰ ਐਫ.ਆਈ.ਆਰ. ਦਰਜ ਕੀਤੀ ਗਈ ਸੀ ਤੇ ਇਸ ਮਾਮਲੇ 'ਚ ਪਟਿਆਲਾ ਪੁਲਿਸ ਨੇ ਉਨ੍ਹਾਂ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰ ਕੇ ਰਿਮਾਂਡ ਦੌਰਾਨ ਪੁੱਛਗਿੱਛ ਵੀ ਕੀਤੀ ਸੀ |
ਮਾਈਨਿੰਗ ਦੇ ਕੇਸ 'ਚ ਪਠਾਣਮਾਜਰਾ ਨੂੰ ਮਿਲੀ ਜ਼ਮਾਨਤ <br/>
ਅਜੀਤ ਡੈਸਕ
26-05-2026