ਅੰਮਿ੍ਤਸਰ, 25 ਮਈ (ਹਰਮਿੰਦਰ ਸਿੰਘ)- ਪੰਜਾਬ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਵਿਚ ਗਰਮੀ ਨੇ ਹੋਰ ਜ਼ੋਰ ਫੜ ਲਿਆ ਹੈ | ਲੰਘੇ 24 ਘੰਟਿਆਂ 'ਚ ਪੰਜਾਬ ਦਾ ਬਠਿੰਡਾ 44.7 ਡਿਗਰੀ ਸੈਲਸੀਅਸ ਤਾਪਮਾਨ ਨਾਲ ਤੇ ਹਰਿਆਣਾ ਸਿਰਸਾ 46.2 ਡਿਗਰੀ ਤਾਪਮਾਨ ਨਾਲ ਤੰਦੂਰ ਦੀ ਤਰ੍ਹਾਂ ਤਪ ਰਹੇ ਹਨ | ਅਗਲੇ ਦਿਨਾਂ ਵਿਚ ਇਨ੍ਹਾਂ ਦੋਵਾਂ ਸੂਬਿਆਂ ਅਤੇ ਚੰਡੀਗੜ੍ਹ 'ਚ ਹੋਰ ਵੀ ਗਰਮੀ ਪੈਣ ਦੀ ਸੰਭਾਵਨਾ ਹੈ ਜਿਸ ਨੂੰ ਲੈ ਕੇ ਮੌਸਮ ਵਿਭਾਗ ਵਲੋਂ ਔਰੇਂਜ਼ ਅਲਰਟ ਜਾਰੀ ਕਰ ਦਿੱਤਾ ਹੈ | ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੇ ਦਿਨਾਂ ਦੇ ਮੁਕਾਬਲੇ ਤਾਪਮਾਨ ਵਿਚ ਕੁਝ ਵਾਧਾ ਹੋਇਆ ਹੈ | ਇਕਾ ਦੁਕਾ ਜਗ੍ਹਾ 'ਤੇ ਹਲਕੀ ਜਿਹੀ ਬੂੰਦਾ ਬਾਂਦੀ ਹੋਣ ਤੋਂ ਆਮ ਤੌਰ 'ਤੇ ਦੋਵੇਂ ਸੂਬਿਆਂ 'ਚ ਮੌਸਮ ਖੁਸ਼ਕ ਰਹਿ ਰਿਹਾ ਹੈ ਤੇ ਅਗਲੇ ਦੋ ਦਿਨਾਂ 'ਚ ਵੀ ਮੌਸਮ ਖੁਸ਼ਕ ਰਹੇਗਾ | ਪੰਜਾਬ 'ਚ ਬਠਿੰਡਾ ਤੋਂ ਬਾਅਦ ਰੂਪਨਗਰ ਦੂਸਰਾ ਸਭ ਤੋਂ ਗਰਮ ਇਲਾਕਾ ਰਿਹਾ ਜਿਥੇ ਦਿਨ ਦੇ ਸਮੇਂ ਤਾਪਮਾਨ 44.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ | ਇਸੇ ਦੌਰਾਨ ਪਟਿਆਲਾ 'ਚ 43.6 ਡਿਗਰੀ, ਲੁਧਿਆਣਾ ਅਤੇ ਫਰੀਦਕੋਟ 'ਚ 42.9 ਡਿਗਰੀ, ਅੰਮਿ੍ਤਸਰ 'ਚ 40.6 ਡਿਗਰੀ, ਪਠਾਨਕੋਟ 'ਚ 41.2 ਡਿਗਰੀ, ਗੁਰਦਾਸਪੁਰ 'ਚ 41.5 ਡਿਗਰੀ, ਨਵਾਂ ਸ਼ਹਿਰ 'ਚ 41.6 ਡਿਗਰੀ, ਫਾਜ਼ਿਲਕਾ 40.8 ਡਿਗਰੀ, ਫਿਰੋਜ਼ਪੁਰ 'ਚ 40.4 ਡਿਗਰੀ, ਹੁਸ਼ਿਆਰਪਰ 'ਚ 39.2 ਡਿਗਰੀ, ਮੁਹਾਲੀ 'ਚ 40.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ | ਹਰਿਆਣਾ ਰੋਹਤਕ ਦੂਸਰੇ ਸਥਾਨ 'ਤੇ ਸਭ ਤੋਂ ਗਰਮ ਰਿਹਾ ਜਿਥੇ ਦਿਨ ਦੇ ਸਮੇਂ ਤਾਪਮਾਨ 45.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ | ਇਸੇ ਦੌਰਾਨ ਚੰਡੀਗੜ੍ਹ 42.7 ਡਿਗਰੀ ਸੈਲਸੀਅਸ ਤੱਕ ਤਾਪਮਾਨ ਪਹੁੰਚਿਆ | ਅਗਲੇ 24 ਘੰਟਿਆਂ 'ਚ ਪੰਜਾਬ ਅਤੇ ਹਰਿਆਣਾ ਵਿਚ ਗਰਮੀ ਦਾ ਪ੍ਰਭਾਵ ਹੋਰ ਵਧਣ ਦੀ ਸੰਭਾਵਨਾ ਹੈ | 28 ਮਈ ਤੋਂ 31 ਮਈ ਤੱਕ ਇਨ੍ਹਾਂ ਦੋਵੇਂ ਸੂਬਿਆਂ 'ਚ ਕਈ ਇਲਾਕਿਆਂ 'ਚ ਗਰਮੀ ਦਾ ਪ੍ਰਭਾਵ ਇਸੇ ਤਰ੍ਹਾਂ ਬਣਿਆ ਰਹਿਣ ਦੀ ਸੰਭਾਵਨਾ ਹੈ | ਇਸ ਦੇ ਨਾਲ ਕੁਝ ਇਲਾਕਿਆਂ 'ਚ 40 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਗਰਜ ਚਮਕ ਨਾਲ ਬਾਰਿਸ਼ ਵੀ ਹੋ ਸਕਦੀ ਹੈ |
ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ 'ਚ ਗਰਮੀ ਨੇ ਹੋਰ ਫੜਿਆ ਜ਼ੋਰ <br/>
ਅਜੀਤ ਡੈਸਕ
26-05-2026