ਨਵੀਂ ਦਿੱਲੀ, 26 ਮਈ (ਏਜੰਸੀ)-ਸੀ. ਬੀ. ਐਸ. ਈ. ਨੇ ਮੰਗਲਵਾਰ ਨੂੰ 12ਵੀਂ ਜਮਾਤ ਲਈ ਨਤੀਜੇ ਦੇ ਬਾਅਦ ਦੀ ਸਹਾਇਤਾ ਨਾਲ ਜੁੜਿਆ ਇਕ ਅਪਡੇਟ ਜਾਰੀ ਕੀਤਾ | ਇਸ ਵਿਚ ਚੈੱਕ ਕੀਤੀਆਂ ਗਈਆਂ ਉੱਤਰ ਕਾਪੀਆਂ ਦੀਆਂ ਸਕੈਨ ਕਾਪੀਆਂ ਅਤੇ ਉਨ੍ਹਾਂ ਨਾਲ ਜੁੜੀਆਂ ਬੇਨਤੀਆਂ ਦੀ ਸਥਿਤੀ ਬਾਰੇ ਵਿਸਥਾਰ 'ਚ ਦੱਸਿਆ ਹੈ | 26 ਮਈ ਨੂੰ ਸ਼ਾਮ 6 ਵਜੇ ਤੱਕ ਦੇ ਸਟੇਟਸ ਬੁਲੇਟਿਨ ਅਨੁਸਾਰ ਸੀ. ਬੀ. ਐਸ. ਈ. ਨੇ ਦੱਸਿਆ ਕਿ ਵਿਦਿਆਰਥੀਆਂ ਤੋਂ ਕੁੱਲ 4,04,319 ਬੇਨਤੀਆਂ ਪ੍ਰਾਪਤ ਹੋਈਆਂ, ਜਿਨ੍ਹਾਂ 'ਚ 11,31,961 ਉਤਰ ਕਾਪੀਆਂ ਦੀਆਂ ਸਕੈਨ ਕੀਤੀਆਂ ਹੋਈਆਂ ਕਾਪੀਆਂ ਮੰਗੀਆਂ ਗਈਆਂ ਹਨ | ਬੋਰਡ ਨੇ ਦੱਸਿਆ ਕਿ ਇਨ੍ਹਾਂ 'ਚੋਂ 8,98,214 ਉਤਰ ਕਾਪੀਆਂ ਡਿਜ਼ੀਟਲ ਉਪਲੱਬਧ ਕਰਵਾ ਦਿੱਤੀਆਂ ਗਈਆਂ ਹਨ | ਬੋਰਡ ਨੇ ਇਹ ਵੀ ਕਿਹਾ ਕਿ ਸਕੈਨ ਕੀਤੀ ਹੋਈ ਕਾਪੀ ਲਈ ਜੋ ਬੇਨਤੀਆਂ ਅਜੇ ਬਾਕੀ ਹਨ, ਉਨ੍ਹਾਂ ਦੇ ਵੀਰਵਾਰ ਤੱਕ ਪੂਰਾ ਹੋ ਜਾਣ ਦੀ ਉਮੀਦ ਹੈ |