08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸੰਧਾਵਾਲੀਆ ਪਰਿਵਾਰ ਨਾਲ ਮੁੜ ਦੁਹਰਾਇਆ ਗਿਆ ਇਤਿਹਾਸ, ਪਿਤਾ ਤੋਂ ਬਾਅਦ ਪੁੱਤਰ ਨੂੰ ਵੀ ਕੀਤਾ ਗਿਆ ਨਜ਼ਰਅੰਦਾਜ਼

Ad Position 21
No active advertisement
ਅਜੀਤ ਡੈਸਕ 03-06-2026

ਚੰਡੀਗੜ੍ਹ, 2 ਜੂਨ (ਪ੍ਰੋ. ਅਵਤਾਰ ਸਿੰਘ)- ਦੇਸ਼ ਦੀ ਨਿਆਂਪਾਲਿਕਾ ਵਿਚ ਸੰਧਾਵਾਲੀਆ ਪਰਿਵਾਰ ਨਾਲ ਜੁੜਿਆ ਇਕ ਵਿਲੱਖਣ ਇਤਿਹਾਸ ਮੁੜ ਚਰਚਾ ਵਿਚ ਹੈ | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਮੁੱਖ ਜੱਜ ਜਸਟਿਸ ਸੁਰਜੀਤ ਸਿੰਘ ਸੰਧਾਵਾਲੀਆ ਤੋਂ ਬਾਅਦ ਹੁਣ ਉਨ੍ਹਾਂ ਦੇ ਪੁੱਤਰ ਅਤੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਮੁੱਖ ਜੱਜ ਜਸਟਿਸ ਜੀ. ਐੱਸ. ਸੰਧਾਵਾਲੀਆ ਵੀ ਸੁਪਰੀਮ ਕੋਰਟ 'ਚ ਨਿਯੁਕਤੀ ਲਈ ਸੀਨੀਅਰਤਾ ਦੇ ਬਾਵਜੂਦ ਚੁਣੇ ਨਹੀਂ ਜਾ ਸਕੇ | ਖ਼ਾਸ ਗੱਲ ਇਹ ਹੈ ਕਿ ਪਿਤਾ ਅਤੇ ਪੁੱਤਰ ਦੋਵਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਸੇਵਾਵਾਂ ਨਿਭਾਈਆਂ, ਪਰ ਦੋਵਾਂ ਲਈ ਸੁਪਰੀਮ ਕੋਰਟ ਦਾ ਰਾਹ ਆਖਰੀ ਪੜਾਅ 'ਤੇ ਆ ਕੇ ਰੁਕ ਗਿਆ | ਨਿਆਇਕ ਅਤੇ ਕਾਨੂੰਨੀ ਹਲਕਿਆਂ ਵਿਚ ਇਸ ਗੱਲ ਦੀ ਖਾਸ ਚਰਚਾ ਹੈ ਕਿ ਦੋ ਵੱਖ-ਵੱਖ ਦੌਰਾਂ 'ਚ ਸੇਵਾਵਾਂ ਨਿਭਾਉਣ ਵਾਲੀਆਂ ਸੰਧਾਵਾਲੀਆ ਪਰਿਵਾਰ ਦੀਆਂ ਦੋ ਪੀੜ੍ਹੀਆਂ ਨਾਲ ਲਗਭਗ ਇੱਕੋ ਜਿਹੀ ਸਥਿਤੀ ਬਣੀ ਹੈ | ਜਸਟਿਸ ਸੁਰਜੀਤ ਸਿੰਘ ਸੰਧਾਵਾਲੀਆ ਆਪਣੇ ਸਮੇਂ ਦੇ ਪ੍ਰਮੁੱਖ ਜੱਜਾਂ ਵਿਚ ਗਿਣੇ ਜਾਂਦੇ ਸਨ | ਉਹ 1978 ਤੋਂ 1983 ਤੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਰਹੇ ਤੇ ਬਾਅਦ 'ਚ ਪਟਨਾ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਵੀ ਸੇਵਾਵਾਂ ਨਿਭਾਈਆਂ | ਉਸ ਸਮੇਂ ਸੁਪਰੀਮ ਕੋਰਟ ਵਿਚ ਨਿਯੁਕਤੀਆਂ ਲਈ ਕੇਂਦਰ ਸਰਕਾਰ ਦੀ ਭੂਮਿਕਾ ਕਾਫ਼ੀ ਪ੍ਰਭਾਵਸ਼ਾਲੀ ਮੰਨੀ ਜਾਂਦੀ ਸੀ, ਪਰ ਸੀਨੀਅਰਤਾ ਅਤੇ ਤਜਰਬੇ ਦੇ ਬਾਵਜੂਦ ਉਨ੍ਹਾਂ ਨੂੰ ਸੁਪਰੀਮ ਕੋਰਟ 'ਚ ਥਾਂ ਨਹੀਂ ਮਿਲ ਸਕੀ ਸੀ | ਚਾਰ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਹੁਣ ਉਨ੍ਹਾਂ ਦੇ ਪੁੱਤਰ ਜਸਟਿਸ ਜੀ. ਐੱਸ. ਸੰਧਾਵਾਲੀਆ ਦੇ ਮਾਮਲੇ ਵਿਚ ਵੀ ਕੁਝ ਅਜਿਹਾ ਹੀ ਦਿ੍ਸ਼ ਸਾਹਮਣੇ ਆਇਆ ਹੈ | ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਲੰਬੇ ਸਮੇਂ ਤੱਕ ਜੱਜ ਵਜੋਂ ਸੇਵਾਵਾਂ ਨਿਭਾਉਣ ਤੋਂ ਬਾਅਦ ਉਹ ਕਾਰਜਕਾਰੀ ਮੁੱਖ ਜੱਜ ਵੀ ਰਹੇ ਤੇ ਬਾਅਦ ਵਿਚ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਮੁੱਖ ਜੱਜ ਨਿਯੁਕਤ ਕੀਤੇ ਗਏ | ਸੁਪਰੀਮ ਕੋਰਟ 'ਚ ਖਾਲੀ ਹੋਣ ਵਾਲੀਆਂ ਅਸਾਮੀਆਂ ਲਈ ਉਨ੍ਹਾਂ ਦਾ ਨਾਮ ਵੀ ਸੰਭਾਵੀ ਦਾਅਵੇਦਾਰਾਂ ਵਿਚ ਲਿਆ ਜਾ ਰਿਹਾ ਸੀ | ਜਸਟਿਸ ਜੀ. ਐੱਸ. ਸੰਧਾਵਾਲੀਆ ਇਸ ਵੇਲੇ ਦੇਸ਼ ਦੇ ਸਭ ਤੋਂ ਸੀਨੀਅਰ ਹਾਈ ਕੋਰਟ ਮੁੱਖ ਜੱਜਾਂ 'ਚ ਸ਼ਾਮਿਲ ਹਨ | ਸੀਨੀਅਰਤਾ ਦੇ ਮਾਪਦੰਡ ਅਨੁਸਾਰ ਉਨ੍ਹਾਂ ਦਾ ਨਾਮ ਸੁਪਰੀਮ ਕੋਰਟ ਲਈ ਮਜ਼ਬੂਤ ਦਾਅਵੇਦਾਰਾਂ ਵਿਚ ਗਿਣਿਆ ਜਾ ਰਿਹਾ ਸੀ, ਪਰ ਕਾਲੀਜੀਅਮ ਵਲੋਂ ਹਾਲੀਆ ਸਿਫ਼ਾਰਸ਼ਾਂ 'ਚ ਉਨ੍ਹਾਂ ਨੂੰ ਤਰਜੀਹ ਨਾ ਮਿਲਣ ਕਾਰਨ ਕਾਨੂੰਨੀ ਹਲਕਿਆਂ ਵਿਚ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ | ਇਸ ਕਾਰਨ ਸੰਧਾਵਾਲੀਆ ਪਰਿਵਾਰ ਨਾਲ ਜੁੜਿਆ ਇਤਿਹਾਸ ਮੁੜ ਚਰਚਾ ਦਾ ਵਿਸ਼ਾ ਬਣ ਗਿਆ ਹੈ, ਜਿੱਥੇ ਪਿਤਾ ਤੋਂ ਬਾਅਦ ਪੁੱਤਰ ਵੀ ਸੀਨੀਅਰਤਾ ਦੇ ਬਾਵਜੂਦ ਸੁਪਰੀਮ ਕੋਰਟ 'ਚ ਜੱਜ ਦੀ ਨਿਯੁਕਤੀ ਤੋਂ ਵਾਂਝਾ ਰਹਿ ਗਿਆ |

Ad Position 22
No active advertisement
ਪਿਛਲੀ ਖ਼ਬਰ ਟਾਈਗਰ ਸਫ਼ਾਰੀ ਲੁਧਿਆਣਾ ਵਿਚ ਡੇਢ ਸਾਲ ਬਾਅਦ ਦੇਖੇ ਜਾਣਗੇ ਸ਼ੇਰ ਤੇ ਸ਼ੇਰਨੀ, ਸਮਾਂ ਸਵੇਰੇ 9.00 ਤੋਂ ਸ਼ਾਮ 5.00 ਵਜੇ... ਅਗਲੀ ਖ਼ਬਰ ਕਾਨੂੰਨ-ਵਿਵਸਥਾ ਤੇ ਮਹਿਲਾ ਸੁਰੱਖਿਆ ਬਾਰੇ ਗ੍ਰਹਿ ਸਕੱਤਰ ਦੀ ਰਿਪੋਰਟ ਤੋਂ ਹਾਈ ਕੋਰਟ ਅਸੰਤੁਸ਼ਟ <br/>
Ad Position 24