ਅੰਮਿ੍ਤਸਰ, 6 ਜੂਨ (ਸੁਰਿੰਦਰ ਕੋਛੜ)-ਭਾਰਤ ਦੇ ਵਿਰੋਧ ਦੇ ਬਾਵਜੂਦ ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ-ਬਾਲਟਿਸਤਾਨ 'ਚ 7 ਜੂਨ ਨੂੰ ਵਿਧਾਨ ਸਭਾ ਚੋਣਾਂ ਕਰਵਾਈਆਂ ਜਾ ਰਹੀਆਂ ਹਨ | ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿ ਉਸ ਖੇਤਰ 'ਚ ਚੋਣਾਂ ਕਰਵਾ ਰਿਹਾ ਹੈ ਜਿਸ 'ਤੇ ਉਸ ਨੇ ਗ਼ੈਰ-ਕਾਨੂੰਨੀ ਅਤੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ ਹੈ | ਗਿਲਗਿਤ-ਬਾਲਟਿਸਤਾਨ ਸਮੇਤ ਪੂਰਾ ਜੰਮੂ-ਕਸ਼ਮੀਰ ਅਤੇ ਲਦਾਖ਼ ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਹਿੱਸਾ ਹੈ | ਗਿਲਗਿਤ-ਬਾਲਟਿਸਤਾਨ ਦੇ 10 ਜ਼ਿਲਿ੍ਹਆਂ 'ਚ 24 ਸੀਟਾਂ ਲਈ ਐਤਵਾਰ 7 ਜੂਨ ਨੂੰ ਵੋਟਿੰਗ ਹੋਵੇਗੀ | ਦੂਜੇ ਪਾਸੇ, ਮਨੁੱਖੀ ਅਧਿਕਾਰ ਕਾਰਕੁਨ ਅਮਜਦ ਅਯੂਬ ਮਿਰਜ਼ਾ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੀ. ਓ. ਕੇ. ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਦਖ਼ਲ ਦੇਣ ਦੀ ਅਪੀਲ ਕਰਦਿਆਂ ਦੋਸ਼ ਲਗਾਇਆ ਕਿ ਗਿਲਗਿਤ-ਬਾਲਟਿਸਤਾਨ ਅਤੇ ਪੀ. ਓ. ਕੇ. 'ਚ ਰਾਜਨੀਤਿਕ ਅਤੇ ਨਾਗਰਿਕ ਅਧਿਕਾਰ ਕਾਰਕੁਨਾਂ 'ਤੇ ਦਬਾਅ ਵਧ ਰਿਹਾ ਹੈ | ਮਿਰਜ਼ਾ ਨੇ ਕਿਹਾ ਕਿ ਜੀ. ਬੀ. ਦੀ ਐਕਸ਼ਨ ਕਮੇਟੀ ਦੇ ਕਈ ਨੇਤਾਵਾਂ ਤੇ ਮੈਂਬਰਾਂ ਨੂੰ ਰਾਜਨੀਤਿਕ ਪ੍ਰਤੀਨਿਧਤਾ ਅਤੇ ਆਰਥਿਕ ਅਧਿਕਾਰਾਂ ਦੀ ਮੰਗ ਕਰਨ ਤੋਂ ਰੋਕਣ ਲਈ ਕੈਦ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗਿਲਗਿਤ-ਬਾਲਟਿਸਤਾਨ ਦੀ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਦੇ ਨੇਤਾ ਸ਼ੌਕਤ ਨਵਾਜ਼ ਮੀਰ ਨੇ ਕਿਹਾ ਕਿ ਜਥੇਬੰਦੀ ਵਲੋਂ ਸਰਕਾਰ ਵਿਰੁੱਧ ਕੀਤੇ ਜਾ ਰਹੇ ਖੇਤਰ-ਵਿਆਪੀ ਬੰਦ ਤੇ ਚੱਕਾ-ਜਾਮ ਹੜਤਾਲ ਦੇ ਮੱਦੇਨਜ਼ਰ ਸਰਕਾਰ ਵਲੋਂ ਉੱਥੇ ਮੋਬਾਈਲ ਫ਼ੋਨ ਅਤੇ ਇੰਟਰਨੈੱਟ ਸੇਵਾਵਾਂ 12 ਜੂਨ ਤੱਕ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ |
ਭਾਰਤ ਦੇ ਵਿਰੋਧ ਦੇ ਬਾਵਜੂਦ ਗਿਲਗਿਤ-ਬਾਲਟਿਸਤਾਨ 'ਚ ਅੱਜ ਕਰਵਾਈਆਂ ਜਾ ਰਹੀਆਂ ਚੋਣਾਂ
ਅਜੀਤ ਡੈਸਕ
07-06-2026