ਅੰਮਿ੍ਤਸਰ, 11 ਜੂਨ (ਸੁਰਿੰਦਰ ਕੋਛੜ)-ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮਾਂ 'ਚ ਸ਼ਾਮਿਲ ਹੋਣ ਲਈ ਵਾਹਗਾ ਤੋਂ ਵਿਸ਼ੇਸ਼ ਬੱਸਾਂ ਰਾਹੀਂ ਸ਼੍ਰੋਮਣੀ ਕਮੇਟੀ ਦੇ ਜਥਾ ਆਗੂ ਭੁਪਿੰਦਰ ਸਿੰਘ ਭਲਵਾਨ, ਗੁਰਮੀਤ ਸਿੰਘ ਬੂਹ ਤੇ ਦਿੱਲੀ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਪਰਮਜੀਤ ਸਿੰਘ ਚੰਡੋਕ ਦੀ ਅਗਵਾਈ 'ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਹੁੰਚੇ ਜਥੇ ਦਾ ਡਿਪਟੀ ਕਮਿਸ਼ਨਰ ਮੁਹੰਮਦ ਤਸਲੀਮ ਅਖ਼ਤਰ ਰਾਓ, ਡੀ. ਪੀ. ਓ. ਤੇ ਗੁਰਦੁਆਰਾ ਜਨਮ ਅਸਥਾਨ ਦੇ ਗ੍ਰੰਥੀ ਗਿਆਨੀ ਦਇਆ ਸਿੰਘ, ਮਸਤਾਨ ਸਿੰਘ, ਸੁਰਜੀਤ ਸਿੰਘ ਕੰਵਲ, ਗੋਪਾਲ ਸਿੰਘ ਚਾਵਲਾ, ਪਲਵਿੰਦਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਕੇਅਰਟੇਕਰ ਇਮਰਾਨ ਨਬੀ ਆਦਿ ਵਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਗਿਆ | ਸ਼੍ਰੋਮਣੀ ਕਮੇਟੀ ਦੇ ਜਥਾ ਆਗੂ ਭੁਪਿੰਦਰ ਸਿੰਘ ਭਲਵਾਨ ਨੇ ਕੀਤੇ ਪ੍ਰਬੰਧਾਂ ਦਾ ਧੰਨਵਾਦ ਕੀਤਾ | ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਬੁਲਾਰੇ ਨੇ 'ਅਜੀਤ' ਨਾਲ ਇਸ ਬਾਰੇ ਜਾਣਕਾਰੀ ਕਰਦਿਆਂ ਦੱਸਿਆ ਕਿ ਭਾਰਤ ਤੋਂ ਪਹੁੰਚੇ ਸਿੱਖ ਸ਼ਰਧਾਲੂਆਂ ਨੇ ਅੱਜ ਸਵੇਰੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ | ਸੰਗਤ ਨੇ ਡਿਪਟੀ ਸਕੱਤਰ (ਸ਼ਰਾਈਨਜ਼) ਫਰਾਜ਼ ਅੱਬਾਸ ਦੀ ਨਿਗਰਾਨੀ ਹੇਠ ਅੱਜ ਸ੍ਰੀ ਨਨਕਾਣਾ ਸਾਹਿਬ ਦੇ ਸਥਾਨਕ ਗੁਰਦੁਆਰਿਆਂ; ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਗੁ. ਬਾਲ ਲੀਲਾ, ਗੁ. ਪੱਟੀ ਸਾਹਿਬ, ਗੁ. ਮਾਲ ਜੀ ਸਾਹਿਬ, ਗੁ. ਕਿਆਰਾ ਸਾਹਿਬ, ਗੁ. ਪੰਜਵੀਂ ਤੇ ਛੇਵੀਂ ਪਾਤਸ਼ਾਹੀ ਦੇ ਦਰਸ਼ਨ ਕੀਤੇ |
ਸ੍ਰੀ ਨਨਕਾਣਾ ਸਾਹਿਬ ਪਹੁੰਚਣ 'ਤੇ ਜਥੇ ਦਾ ਨਿੱਘਾ ਜਥਾ, ਸੰਗਤ ਨੇ ਸ੍ਰੀ ਨਨਕਾਣਾ ਸਾਹਿਬ ਦੇ ਸਥਾਨਕ ਗੁਰਦੁਆਰਿਆਂ ਦੇ ਕੀਤੇ ਦਰਸ਼ਨ <br/>
ਅਜੀਤ ਡੈਸਕ
12-06-2026