ਅਟਾਰੀ ਸਰਹੱਦ, 29 ਜੂਨ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤੀ ਸਰਹੱਦ ’ਤੇ ਦਿਨ ਰਾਤ 24 ਘੰਟੇ ਦੇਸ਼ ਦੀ ਰੱਖਿਆ ਲਈ ਡਿਊਟੀ ਨਿਭਾਉਣ ਵਾਲੇ ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੇ ਆਪਣੀ ਡਿਊਟੀ ਦੇ ਨਾਲ ਨਾਲ ਦੇਸ਼ ਪ੍ਰਤੀ ਫਰਜ਼ ਸਮਝਦਿਆਂ ਵਿਕਾਸ ਦੇਹੂਰੀ ਨਾਮ ਦੇ ਇਕ ਵਿਅਕਤੀ ’ਤੇ ਹੁੰਦੀ ਮਨੁੱਖੀ ਤਸਕਰੀ ਨੂੰ ਰੋਕਦਿਆਂ ਉਸਦੇ ਪਰਿਵਾਰ ਨਾਲ ਸਫਲਤਾਪੂਰਵਕ ਮਿਲਾਇਆ ਤੇ ਸੁਰੱਖਿਅਤ ਢੰਗ ਨਾਲ ਉਸਦੇ ਜੱਦੀ ਸਥਾਨ ’ਤੇ ਵਾਪਸ ਭੇਜ ਦਿੱਤਾ ਗਿਆ । ਬੀ.ਐੱਸ.ਐੱਫ. ਵਲੋਂ ਦਿੱਤੀ ਜਾਣਕਾਰੀ ਅਨੁਸਾਰ ਵਿਕਾਸ ਦੇਹੂਰੀ ਨੂੰ ਪਿੰਡ ਮੁੱਲਾਂਕੋਟ ਦੇ ਇਕ ਪਿੰਡ ਵਾਸੀ ਦੇ ਘਰੋਂ ਬਚਾਇਆ ਗਿਆ ਜੋ ਇਸ ਕੋਲੋਂ ਆਪਣੇ ਘਰੇਲੂ ਕੰਮ ਕਰਾਉਣ ਦੇ ਨਾਲ ਨਾਲ ਪਸ਼ੂਆਂ ਦੀ ਸਾਂਭ ਸੰਭਾਲ ਦਾ ਵੀ ਕੰਮ ਕਰਵਾ ਰਹੇ ਸਨ । ਬੀ.ਐੱਸ.ਐੱਫ. ਨੇ ਆਪਣਾ ਫਰਜ਼ ਸਮਝਦਿਆਂ ਨਾਗਰਿਕ ਵਿਕਾਸ ਦੇਹੂਰੀ ਨੂੰ ਉਸਦੇ ਪਿਤਾ ਅਤੇ ਭਰਾ ਦੇ ਹਵਾਲੇ ਕਰ ਦਿੱਤਾ ਗਿਆ, ਜੋ ਉਸਨੂੰ ਘਰ ਵਾਪਸ ਲਿਆਉਣ ਲਈ ਬਾਲਾਸੋਰ, ਓਡੀਸ਼ਾ ਤੋਂ ਆਏ ਸਨ । ਇਹ ਬਚਾਅ ਕਾਰਜ ਨੂੰ ਸ਼੍ਰੀ ਅਜੈ ਕੁਮਾਰ ਤਿਵਾੜੀ, ਕਮਾਂਡੈਂਟ 100 ਬਟਾਲੀਅਨ ਬੀਐੱਸਐੱਫ ਦੀ ਨਿਗਰਾਨੀ ਹੇਠ ਬਹੁਤ ਧਿਆਨ ਨਾਲ ਯੋਜਨਾਬੱਧ ਅਤੇ ਸਫਲਤਾਪੂਰਵਕ ਚਲਾਇਆ ਗਿਆ। ਇਹ ਕਾਰਜ ਸ਼੍ਰੀ ਅਮਿਤ ਪਾਂਡੇ, ਏਸੀ ਕੰਪਨੀ ਕਮਾਂਡਰ ਬੀਓਪੀ ਪੁੱਲ ਮੋਰਾਂ ਦੁਆਰਾ ਦੇ ਬੀਐੱਸਐੱਫ ਦੇ ਨਾਲ ਹੋਰ ਉੱਚ ਅਧਿਕਾਰੀਆਂ ਵਲੋਂ ਕੀਤਾ ਗਿਆ।
ਬੀ. ਐੱਸ. ਐੱਫ. ਨੇ ਭਾਰਤੀ ਸਰਹੱਦ ’ਤੇ ਵੱਸਦੇ ਵਸਨੀਕਾਂ ਵਲੋਂ ਕਰਵਾਈ ਮਨੁੱਖੀ ਤਸਕਰੀ ਰੋਕੀ
ਅਜੀਤ ਡੈਸਕ
30-06-2026