ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਪਾਕਿਸਤਾਨ ਨੂੰ ਝਟਕਾ, ਭਾਰਤੀ ਬਾਸਮਤੀ ਲਈ ਅਫ਼ਗਾਨਿਸਤਾਨ ਦੇ ਦਰਵਾਜ਼ੇ ਖੁੱਲ੍ਹਣ ਦੇ ਆਸਾਰ

Ad Position 21
No active advertisement
ਅਜੀਤ ਡੈਸਕ 30-06-2026

­ਮੂਨਕ, 29 ਜੂਨ (ਕੇਵਲ ਸਿੰਗਲਾ) - ਭਾਵੇਂ ਅਮਰੀਕਾ ਅਤੇ ਇਰਾਨ ਵਿਚਕਾਰ ਹਾਲ ਹੀ ਵਿਚ ਤਣਾਅ ਘਟਾਉਣ ਲਈ ਸਮਝੌਤੇ ਵਰਗੀ ਸਥਿਤੀ ਬਣੀ ਹੈ, ਪਰ ਦੋਵਾਂ ਦੇਸ਼ਾਂ ਵਿਚਕਾਰ ਡੂੰਘੀ ਬੇਭਰੋਸੀ ਕਾਰਨ ਵਪਾਰਕ ਹਲਕਿਆਂ ਵਿਚ ਇਹ ਚਿੰਤਾ ਬਣੀ ਹੋਈ ਹੈ ਕਿ ਹਾਲਾਤ ਮੁੜ ਵਿਗੜ ਸਕਦੇ ਹਨ। ਜੇਕਰ ਖਾੜੀ ਖੇਤਰ ਵਿਚ ਤਣਾਅ ਵਧਦਾ ਹੈ ਅਤੇ ਹਾਰਮੂਜ਼ ਜਲਡਮਰੂਮੱਧ ਰਾਹੀਂ ਸਮੁੰਦਰੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਤਾਂ ਇਰਾਨ ਸਮੇਤ ਕਈ ਪੱਛਮੀ ਦੇਸ਼ਾਂ ਨੂੰ ਬਾਸਮਤੀ ਚੌਲਾਂ ਦੀ ਸਪਲਾਈ ’ਤੇ ਵੀ ਅਸਰ ਪੈ ਸਕਦਾ ਹੈ। ਇਸੇ ਸੰਭਾਵਨਾ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਸਰਕਾਰ ਅਤੇ ਬਾਸਮਤੀ ਨਿਰਯਾਤਕ ਨਵੇਂ ਬਾਜ਼ਾਰਾਂ ਅਤੇ ਵਿਕਲਪਕ ਵਪਾਰਕ ਰਸਤਿਆਂ ਦੀ ਭਾਲ ਕਰ ਰਹੇ ਹਨ। ਇਸ ਕੜੀ ਵਿਚ ਅਫ਼ਗਾਨਿਸਤਾਨ ਨਾਲ ਬਾਸਮਤੀ ਚੌਲਾਂ ਦੀ ਸਿੱਧੀ ਬਰਾਮਦ ਵਧਾਉਣ ਲਈ ਗੱਲਬਾਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਜੇਕਰ ਇਹ ਯੋਜਨਾ ਸਫ਼ਲ ਰਹਿੰਦੀ ਹੈ ਤਾਂ ਇਸ ਦਾ ਸਿੱਧਾ ਲਾਭ ਭਾਰਤੀ ਬਾਸਮਤੀ ਉਦਯੋਗ ਅਤੇ ਪੰਜਾਬ-ਹਰਿਆਣਾ ਦੇ ਕਿਸਾਨਾਂ ਨੂੰ ਮਿਲ ਸਕਦਾ ਹੈ। ਅਫ਼ਗਾਨਿਸਤਾਨ ਨਾਲ ਸਿੱਧੇ ਵਪਾਰ ਦੀਆਂ ਕੋਸ਼ਿਸ਼ਾਂ ਸੂਤਰਾਂ ਅਨੁਸਾਰ ਭਾਰਤ ਅਤੇ ਅਫ਼ਗਾਨਿਸਤਾਨ ਦੇ ਵਪਾਰਕ ਨੁਮਾਇੰਦੇ ਜਲਦ ਹੀ ਬਾਸਮਤੀ ਚੌਲਾਂ ਦੇ ਸਿੱਧੇ ਵਪਾਰ ਲਈ ਲੋੜੀਂਦੀਆਂ ਵਿਵਸਥਾਵਾਂ ਨੂੰ ਅੰਤਿਮ ਰੂਪ ਦੇਣ ਲਈ ਬੈਠਕ ਕਰਨਗੇ। ਇਸ ਵੇਲੇ ਅਫ਼ਗਾਨਿਸਤਾਨ ਨੂੰ ਭਾਰਤੀ ਬਾਸਮਤੀ ਦਾ ਕੁਝ ਹਿੱਸਾ ਦੁਬਈ ਅਤੇ ਇਰਾਨ ਰਾਹੀਂ ਮਿਲਦਾ ਹੈ, ਜਿਸ ਨਾਲ ਲਾਗਤ ਵਧ ਜਾਂਦੀ ਹੈ। ਸਿੱਧੀ ਸਪਲਾਈ ਸ਼ੁਰੂ ਹੋਣ ਨਾਲ ਭਾਰਤ ਨੂੰ ਨਵਾਂ ਬਾਜ਼ਾਰ ਮਿਲੇਗਾ ਅਤੇ ਅਫ਼ਗਾਨਿਸਤਾਨ ਨੂੰ ਵੀ ਸਸਤੀ ਅਤੇ ਭਰੋਸੇਯੋਗ ਸਪਲਾਈ ਪ੍ਰਾਪਤ ਹੋ ਸਕੇਗੀ। ਕਿਸਾਨਾਂ ਲਈ ਚੰਗੇ ਸੰਕੇਤ ਬਾਸਮਤੀ ਦੇ ਕਾਰੋਬਾਰ ਨਾਲ ਜੁੜੇ ਮਾਹਿਰਾਂ ਦਾ ਮੰਨਣਾ ਹੈ ਕਿ ਨਵੇਂ ਨਿਰਯਾਤੀ ਬਾਜ਼ਾਰ ਖੁੱਲ੍ਹਣ ਨਾਲ ਬਾਸਮਤੀ ਝੋਨੇ ਦੀ ਮੰਗ ਹੋਰ ਵਧ ਸਕਦੀ ਹੈ। ਇਸ ਕਾਰਨ ਕਿਸਾਨਾਂ ਨੂੰ ਇਸ ਸਾਲ ਪਿਛਲੇ ਸਾਲ ਨਾਲੋਂ ਬਿਹਤਰ ਭਾਅ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਿਛਲੇ ਸੀਜ਼ਨ ਵਿੱਚ ਸੱਠੀ ਬਾਸਮਤੀ ਝੋਨੇ ਦਾ ਭਾਅ ਲਗਭਗ 3,000 ਰੁਪਏ ਪ੍ਰਤੀ ਕੁਇੰਟਲ ਤੋਂ ਸ਼ੁਰੂ ਹੋਇਆ ਸੀ, ਪਰ ਮੰਡੀਆਂ ਵਿੱਚ ਆਮਦ ਵਧਣ ਨਾਲ ਕੀਮਤਾਂ ਵਿੱਚ ਗਿਰਾਵਟ ਆ ਗਈ ਸੀ। ਇਸ ਦੇ ਉਲਟ ਇਸ ਸਾਲ 1509 ਕਿਸਮ ਦੇ ਬਾਸਮਤੀ ਚੌਲਾਂ ਦੇ ਭਾਅ ਲਗਭਗ 3,800 ਰੁਪਏ ਪ੍ਰਤੀ ਕੁਇੰਟਲ ਤੋਂ ਸ਼ੁਰੂ ਹੋਏ ਅਤੇ ਮੰਗ ਬਣੀ ਰਹਿਣ ਕਾਰਨ ਇਹ 4,000 ਰੁਪਏ ਪ੍ਰਤੀ ਕੁਇੰਟਲ ਦੇ ਉਪਰ ਪਹੁੰਚ ਚੁੱਕੇ ਹਨ। ਵਪਾਰਕ ਹਲਕਿਆਂ ਦਾ ਮੰਨਣਾ ਹੈ ਕਿ ਇਹ ਰੁਝਾਨ ਬਾਸਮਤੀ ਦੀ ਮਜ਼ਬੂਤ ਮੰਗ ਦਾ ਸੰਕੇਤ ਹੈ।
ਸੈਲਾ ਉਦਯੋਗ ਨੂੰ ਵੀ ਹੋਇਆ ਲਾਭ
ਇਸ ਸਾਲ ਬਾਸਮਤੀ ਚੌਲਾਂ ਦੀ ਮਿਲਿੰਗ ਅਤੇ ਪ੍ਰੋਸੈਸਿੰਗ ਨਾਲ ਜੁੜੇ ਸੈਲਾ ਮਾਲਕਾਂ ਨੂੰ ਵੀ ਵਧੀਆ ਕਾਰੋਬਾਰ ਮਿਲਿਆ ਹੈ। ਬਹੁਤ ਸਾਰੇ ਸੈਲਾ ਮਾਲਕ ਆੜਤ ਦੇ ਕਾਰੋਬਾਰ ਨਾਲ ਵੀ ਜੁੜੇ ਹੋਏ ਹਨ। ਚੰਗੇ ਮੁਨਾਫ਼ੇ ਕਾਰਨ ਉਹ ਆਪਣੇ ਨਾਲ ਜੁੜੇ ਕਿਸਾਨਾਂ ਨੂੰ ਵੱਧ ਤੋਂ ਵੱਧ ਰਕਬੇ ’ਤੇ ਬਾਸਮਤੀ ਝੋਨੇ ਦੀ ਬਿਜਾਈ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਮੰਗ ਨੂੰ ਦੇਖਦਿਆਂ ਆਉਣ ਵਾਲੇ ਸੀਜ਼ਨ ਵਿਚ ਵੀ ਬਾਸਮਤੀ ਦੀ ਲੋੜ ਮਜ਼ਬੂਤ ਰਹਿ ਸਕਦੀ ਹੈ।
ਕੌਮਾਂਤਰੀ ਹਾਲਾਤ ’ਤੇ ਰਹੇਗੀ ਨਜ਼ਰ
ਮਾਹਿਰਾਂ ਦਾ ਕਹਿਣਾ ਹੈ ਕਿ ਬਾਸਮਤੀ ਦੇ ਭਾਅ ਹਮੇਸ਼ਾਂ ਕੌਮਾਂਤਰੀ ਬਾਜ਼ਾਰ, ਨਿਰਯਾਤੀ ਮੰਗ, ਡਾਲਰ ਦੀ ਕੀਮਤ, ਸਮੁੰਦਰੀ ਆਵਾਜਾਈ ਅਤੇ ਪੱਛਮੀ ਏਸ਼ੀਆ ਦੇ ਹਾਲਾਤਾਂ ਤੋਂ ਪ੍ਰਭਾਵਿਤ ਹੁੰਦੇ ਹਨ। ਇਸ ਲਈ ਕਿਸੇ ਵੀ ਸਮੇਂ ਵਿਸ਼ਵ ਪੱਧਰ ਦੀ ਸਥਿਤੀ ਵਿਚ ਤਬਦੀਲੀ ਆਉਣ ਨਾਲ ਕੀਮਤਾਂ ਵਿਚ ਉਤਾਰ-ਚੜ੍ਹਾਅ ਆ ਸਕਦਾ ਹੈ। ਫਿਰ ਵੀ ਮੌਜੂਦਾ ਸਮੇਂ ਵਿਚ ਘਰੇਲੂ ਮੰਗ ਲਗਾਤਾਰ ਵਧ ਰਹੀ ਹੈ, ਜਦਕਿ ਨਵੇਂ ਨਿਰਯਾਤੀ ਬਾਜ਼ਾਰਾਂ ਦੀ ਭਾਲ ਵੀ ਜਾਰੀ ਹੈ। ਅਫ਼ਗਾਨਿਸਤਾਨ ਵਰਗੇ ਨਵੇਂ ਬਾਜ਼ਾਰ ਨਾਲ ਵਪਾਰ ਵਧਣ ਦੀ ਸੰਭਾਵਨਾ ਨੇ ਬਾਸਮਤੀ ਉਦਯੋਗ ਵਿਚ ਨਵਾਂ ਭਰੋਸਾ ਪੈਦਾ ਕੀਤਾ ਹੈ। ਕਿਸਾਨਾਂ ਲਈ ਆਸ ਦੀ ਕਿਰਨ ਖੇਤੀਬਾੜੀ ਅਤੇ ਵਪਾਰਕ ਹਲਕਿਆਂ ਦਾ ਮੰਨਣਾ ਹੈ ਕਿ ਜੇਕਰ ਅੰਤਰਰਾਸ਼ਟਰੀ ਹਾਲਾਤ ਵਿਚ ਕੋਈ ਵੱਡੀ ਨਕਾਰਾਤਮਕ ਤਬਦੀਲੀ ਨਹੀਂ ਆਉਂਦੀ ਅਤੇ ਨਿਰਯਾਤੀ ਮੰਗ ਬਣੀ ਰਹਿੰਦੀ ਹੈ ਤਾਂ ਮੌਜੂਦਾ ਸੀਜ਼ਨ ਬਾਸਮਤੀ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ। ਅਫ਼ਗਾਨਿਸਤਾਨ ਨਾਲ ਵਧਦਾ ਵਪਾਰ, ਮਜ਼ਬੂਤ ਘਰੇਲੂ ਮੰਗ ਅਤੇ ਨਵੇਂ ਬਾਜ਼ਾਰਾਂ ਦੀ ਭਾਲ ਇਸ ਗੱਲ ਦੇ ਸੰਕੇਤ ਹਨ ਕਿ ਬਾਸਮਤੀ ਖੇਤਰ ਲਈ ਇਹ ਸਾਲ ਉਮੀਦਾਂ ਭਰਿਆ ਹੋ ਸਕਦਾ ਹੈ, ਹਾਲਾਂਕਿ ਅੰਤਿਮ ਤਸਵੀਰ ਵਿਸ਼ਵ ਬਾਜ਼ਾਰ ਅਤੇ ਭੂ-ਰਾਜਨੀਤਿਕ ਹਾਲਾਤਾਂ ‘ਤੇ ਨਿਰਭਰ ਕਰੇਗੀ।

Ad Position 22
No active advertisement
ਪਿਛਲੀ ਖ਼ਬਰ ਪਿਛਲੇ ਸਾਲ ਹੜ੍ਹਾਂ ਦੀ ਮਾਰ ਝੱਲਣ ਵਾਲੇ ਲੋਕਾਂ ਲਈ ਹਾਲੇ ਤੱਕ ਨਹੀਂ ਹੋਏ ਸੁਚੱਜੇ ਪ੍ਰਬੰਧ ਅਗਲੀ ਖ਼ਬਰ ‘ਕੈਰੀ ਆਨ ਜੱਟਾ 4’ ਨੇ ਕਮਾਈ ਦੇ ਤੋੜੇ ਰਿਕਾਰਡ
Ad Position 24
No active advertisement