ਬਟਾਲਾ, 30 ਜੂਨ (ਸਤਿੰਦਰ ਸਿੰਘ)-ਧਾਰਮਿਕ ਖੇਤਰ ਵਿਚ ਇਹ ਖਬਰ ਬਹੁਤ ਹੀ ਦੁਖਦਾਈ ਮਨ ਨਾਲ ਪੜੀ ਜਾਵੇਗੀ ਕਿ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਪਾਵਨ ਪਵਿੱਤਰ ਗੁਰਦੁਆਰਾ ਤਪ ਅਸਥਾਨ ਸਾਹਿਬ ਨਿੱਕੇ ਘੁੰਮਣ (ਗੁਰਦਾਸਪੁਰ) ਦੇ ਮੁੱਖ ਸੇਵਾਦਾਰ ਬਾਬਾ ਅਮਰੀਕ ਸਿੰਘ ਜੀ ਸਦੀਵੀਂ ਵਿਛੋੜਾ ਦੇ ਗਏ। ਉਹ ਪਿਛਲੇ ਕੁਝ ਸਮੇਂ ਤੋਂ ਜਿਗਰ ਦੀ ਬਿਮਾਰੀ ਤੋਂ ਪੀੜਤ ਸਨ ਤੇ ਉਨ੍ਹਾਂ ਦਾ ਇਲਾਜ ਦਿੱਲੀ ਦੇ ਇਕ ਨਿੱਜੀ ਹਸਪਤਾਲ ’ਚ ਚੱਲ ਰਿਹਾ ਸੀ, ਅੱਜ ਸਵੇਰੇ ਉਨ੍ਹਾਂ ਨੇ ਅੰਤਿਮ ਸਾਹ ਲਿਆ, ਜਿਸ ਨਾਲ ਇਲਾਕੇ ਸਮੇਤ ਸੰਤ ਸਮਾਜ ’ਚ ਸੋਗ ਦੀ ਲਹਿਰ ਦੌੜ ਗਈ। ਬਾਬਾ ਅਮਰੀਕ ਸਿੰਘ ਜੀ ਨੇ ਆਪਣੇ ਜੀਵਨ ਦੌਰਾਨ ਧਾਰਮਿਕ ਸੇਵਾ, ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਅਤੇ ਗੁਰਮਤਿ ਪ੍ਰਚਾਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਦੀ ਸਧਾਰਨ ਜੀਵਨਸ਼ੈਲੀ, ਨਿਮਰ ਸੁਭਾਅ ਅਤੇ ਸੇਵਾ ਭਾਵਨਾ ਕਰ ਕੇ ਉਹ ਸੰਗਤ ਵਿਚ ਬਹੁਤ ਆਦਰਯੋਗ ਸਨ । ਉਨ੍ਹਾਂ ਦੇ ਅਕਾਲ ਚਲਾਣੇ ਨਾਲ ਇਲਾਕੇ ਦੀਆਂ ਸੰਗਤਾਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਅਤੇ ਪਰਿਵਾਰ ਨਾਲ ਹਮਦਰਦੀ ਜਿਤਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਤਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਦਾ ਅੰਤਿਮ ਸੰਸਕਾਰ ਅੱਜ 1 ਜੁਲਾਈ ਦਿਨ ਬੁੱਧਵਾਰ ਨੂੰ 12 ਵਜੇ ਗੁਰਦੁਆਰਾ ਤਪ ਅਸਥਾਨ ਸਾਹਿਬ ਨਿੱਕੇ ਘੁੰਮਣ ਵਿਖੇ ਕੀਤਾ ਜਾਵੇਗਾ।
ਗੁਰਦੁਆਰਾ ਤਪ ਅਸਥਾਨ ਸਾਹਿਬ ਨਿੱਕੇ ਘੁੰਮਣ ਦੇ ਮੁੱਖ ਸੇਵਾਦਾਰ ਬਾਬਾ ਅਮਰੀਕ ਸਿੰਘ ਦਾ ਦਿਹਾਂਤ
ਅਜੀਤ ਡੈਸਕ
01-07-2026