ਫਿਲੌਰ ਦੀ ਨਿਰਮਲ ਸਹਿਗਲ ਬਰਤਾਨੀਆ ਦੀ ਪੋਰਟਲੈਂਡ
ਟਾਊਨ ਕੌਂਸਲ ਦੀ ਪਹਿਲੀ ਪੰਜਾਬੀ ਮੇਅਰ ਬਣੀ
ਫਿਲੌਰ, 1 ਅਗਸਤ (ਸਤਿੰਦਰ ਸ਼ਰਮਾ)-ਫਿਲੌਰ ਸ਼ਹਿਰ ਲਈ ਮਾਣ ਵਾਲੀ ਗੱਲ ਹੈ ਕਿ ਫਿਲੌਰ ’ਚ ਜਨਮੀ ਅਤੇ ਵੱਡੀ ਹੋਈ 77 ਸਾਲਾ ਨਿਰਮਲ ਸਹਿਗਲ ਨੂੰ ਬਰਤਾਨੀਆ ਵਿਚ ਪੋਰਟਲੈਂਡ ਟਾਊਨ ਕੌਂਸਲ ਦੀ ਪਹਿਲੀ ਪੰਜਾਬੀ ਮੇਅਰ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਿਤਾ ਲਾਲਾ ਈਸ਼ਵਰ ਦਾਸ ਵਾਡਰਾ ਫਿਲੌਰ ’ਚ ਸਬ-ਰਜਿਸਟਰਾਰ ਸਨ।
ਫਿਲੌਰ, 1 ਅਗਸਤ (ਸਤਿੰਦਰ ਸ਼ਰਮਾ)-ਫਿਲੌਰ ਸ਼ਹਿਰ ਲਈ ਮਾਣ ਵਾਲੀ ਗੱਲ ਹੈ ਕਿ ਫਿਲੌਰ ’ਚ ਜਨਮੀ ਅਤੇ ਵੱਡੀ ਹੋਈ 77 ਸਾਲਾ ਨਿਰਮਲ ਸਹਿਗਲ ਨੂੰ ਬਰਤਾਨੀਆ ਵਿਚ ਪੋਰਟਲੈਂਡ ਟਾਊਨ ਕੌਂਸਲ ਦੀ ਪਹਿਲੀ ਪੰਜਾਬੀ ਮੇਅਰ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਿਤਾ ਲਾਲਾ ਈਸ਼ਵਰ ਦਾਸ ਵਾਡਰਾ ਫਿਲੌਰ ’ਚ ਸਬ-ਰਜਿਸਟਰਾਰ ਸਨ। ਨਿਰਮਲ ਸਹਿਗਲ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਫਿਲੌਰ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਸਰਕਾਰੀ ਕਾਲਜ ਫਾਰ ਵਿਮੈਨ ਲੁਧਿਆਣਾ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਡੀ. ਏ. ਵੀ. ਕਾਲਜ ਜਲੰਧਰ ਤੋਂ ਅੰਗਰੇਜ਼ੀ ਵਿਸ਼ੇ ਵਿਚ ਐਮ.ਏ. ਕੀਤੀ। ਮਾਰਚ 1969 ਵਿਚ ਉਹ ਆਪਣੇ ਪਤੀ ਪੁਰਸ਼ੋਤਮ ਡੀ. ਸਹਿਗਲ ਨਾਲ ਬਰਤਾਨੀਆ ਚਲੀ ਗਈ ਸੀ। ਉਥੇ ਉਨ੍ਹਾਂ ਨੇ ਪਹਿਲਾਂ ਲਾਇਬ੍ਰੇਰੀਅਨ ਵਜੋਂ ਕੰਮ ਕੀਤਾ। ਬਾਅਦ ਵਿਚ ਸਮਾਜ ਸੇਵਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਕੰਮਾਂ, ਅਨੁਵਾਦ ਕਰਨਾ, ਹਸਪਤਾਲਾਂ ਅਤੇ ਹੋਰ ਜ਼ਰੂਰੀ ਪ੍ਰਕਿਰਿਆਵਾਂ ਤੋਂ ਇਲਾਵਾ ਭਾਰਤੀਆਂ ਅਤੇ ਖ਼ਾਸ ਕਰਕੇ ਪੰਜਾਬੀ ਪ੍ਰਵਾਸੀਆਂ ਦੀ ਵੀ ਡਾਹਢੀ ਮਦਦ ਕੀਤੀ। 1980 ਵਿਚ ਪਰਿਵਾਰ ਨੇ ਲੀਮਿੰਗਟਨ ਡਾਕਘਰ ਦਾ ਸੰਚਾਲਨ ਸੰਭਾਲਿਆ ਅਤੇ ਉਥੇ ਵੀ ਉਨ੍ਹਾਂ ਨੇ ਆਪਣੀ ਕਮਿਊਨਿਟੀ ਦੀ ਸੇਵਾ ਜਾਰੀ ਰੱਖੀ। ਸੇਵਾਮੁਕਤੀ ਤੋਂ ਬਾਅਦ ਨਿਰਮਲ ਸਹਿਗਲ ਜਨਤਕ ਸੇਵਾ ਵਿਚ ਸਰਗਰਮ ਰਹੀ।ਜ਼ਿਕਰਯੋਗ ਹੈ ਕਿ ਨਿਰਮਲ ਸਹਿਗਲ 5 ਸਾਲ ਪਹਿਲਾਂ ਕੌਂਸਲਰ ਚੁਣੇ ਗਏ ਸਨ, ਜਦੋਂਕਿ ਪਿਛਲੇ ਸਾਲ ਨਿਰਵਿਰੋਧ ਕੌਂਸਲਰ ਚੁਣੇ ਗਏ ਤੇ ਹੁਣ ਇਸ ਵਾਰ ਸਾਥੀ ਕੌਂਸਲਰਾਂ ਨੇ ਉਨ੍ਹਾਂ ਵਿਚ ਆਪਣਾ ਵਿਸ਼ਵਾਸ਼ ਜਤਾਇਆ ਅਤੇ ਉਨ੍ਹਾਂ ਨੂੰ ਪੋਰਟਲੈਂਡ ਟਾਊਨ ਕੌਂਸਲ ਦਾ ਮੇਅਰ ਚੁਣ ਲਿਆ।