ਅੰਮ੍ਰਿਤਸਰ/ਮਜੀਠਾ, 1 ਅਗਸਤ (ਰੇਸ਼ਮ ਸਿੰਘ, ਮਨਿੰਦਰ ਸਿੰਘ ਸੋਖੀ)-ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ ਨਸ਼ਾ ਤਸਕਰੀ ਦੇ ਇਕ ਹੋਰ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇਕ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 20 ਕਿੱਲੋ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਬਰਾਮਦ ਹੋਈ ਹੈਰੋਇਨ ਦੀ ਕੀਮਤ ਕੌਮਾਂਤਰੀ ਮੰਡੀ ‘ਚ 120 ਕਰੋੜ ਰੁਪਏ ਦੱਸੀ ਗਈ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਓਮ ਸ਼ਰਮਾ ਵਾਸੀ ਅੰਮ੍ਰਿਤਸਰ ਰੋਡ ਝਬਾਲ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਉਨ੍ਹਾਂ ਦਸਿਆ ਕਿ ਸੀ.ਆਈ. ਅੰਮ੍ਰਿਤਸਰ ਟੀਮ ਨੂੰ 31 ਜੁਲਾਈ 2026 ਨੂੰ ਖਾਸ ਜਾਣਕਾਰੀ ਮਿਲੀ ਸੀ ਕਿ ਵਿਦੇਸ਼ ਵਿਚ ਰਹਿਣ ਵਾਲੇ ਦੋ ਵਿਅਕਤੀ ਸਪੇਨ ਦਾ ਰਹਿਣ ਵਾਲਾ ‘ਬਾਲ’ ਅਤੇ ਕਿਸ਼ਨ ਜੰਡਿਆਲਾ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ ਨਾਲ ਮਿਲ ਕੇ ਨਸ਼ੀਲੇ ਪਦਾਰਥਾਂ ਦੀ ਗ਼ੈਰ-ਕਾਨੂੰਨੀ ਤਸਕਰੀ ਵਿਚ ਸਰਗਰਮੀ ਨਾਲ ਸ਼ਾਮਿਲ ਹਨ। ਇਹ ਵੀ ਪਤਾ ਲੱਗਾ ਕਿ ਉਕਤ ‘ਬਾਲ’ ਦੇ ਸਾਥੀ ਡਰੋਨ ਦੀ ਵਰਤੋਂ ਕਰਕੇ ਅਜਨਾਲਾ (ਜ਼ਿਲ੍ਹਾ ਅੰਮ੍ਰਿਤਸਰ) ਦੇ ਸਰਹੱਦੀ ਖੇਤਰ ਵਿਚ ਪਾਕਿਸਤਾਨ ਸਥਿਤ ਆਪਣੇ ਸਾਥੀਆਂ ਤੋਂ ਹੈਰੋਇਨ ਦੀ ਖੇਪ ਪ੍ਰਾਪਤ ਕਰਦੇ ਹਨ ਅਤੇ ਫਿਰ ਉਸ ਦੇ ਨਿਰਦੇਸ਼ਾਂ ‘ਤੇ ਇਸ ਨੂੰ ਉਕਤ ਓਮ ਸ਼ਰਮਾ ਤੱਕ ਪਹੁੰਚਾਉਂਦੇ ਹਨ। ਇਸ ਤੋਂ ਬਾਅਦ ਓਮ ਸ਼ਰਮਾ ਨਸ਼ੀਲੇ ਪਦਾਰਥਾਂ ਦੀ ਖੇਪ ਅੱਗੇ ਉਨ੍ਹਾਂ ਪਾਰਟੀਆਂ ਨੂੰ ਸੌਂਪਦਾ ਹੈ, ਜਿਨ੍ਹਾਂ ਨੂੰ ਵਿਦੇਸ਼ ਵਿਚ ਬੈਠਾ ਉਕਤ ਕਿਸ਼ਨ (ਵਾਸੀ ਜੰਡਿਆਲਾ) ‘ਬਾਲ’ ਦੇ ਕਹਿਣ ‘ਤੇ ਭੇਜਦਾ ਹੈ। ਮੁਖਬਰ ਨੇ ਇਹ ਵੀ ਖਾਸ ਤੌਰ ‘ਤੇ ਦੱਸਿਆ ਕਿ ‘ਬਾਲ’ ਦੇ ਨਿਰਦੇਸ਼ਾਂ ‘ਤੇ ਕੰਮ ਕਰਦੇ ਹੋਏ ਓਮ ਨੇ ਹਾਲ ਹੀ ਵਿਚ ਹੈਰੋਇਨ ਦੀ ਇੱਕ ਵੱਡੀ ਖੇਪ ਪ੍ਰਾਪਤ ਕੀਤੀ ਹੈ ਅਤੇ ਉਹ ਹੌਂਡਾ ਸਿਟੀ ਕਾਰ ਵਿਚ ਸੋਹੀਆਂ ਕਲਾਂ, ਥਾਣਾ ਮਜੀਠਾ ਅੰਮ੍ਰਿਤਸਰ ਦੇ ਇਲਾਕੇ ਵਿਚ ਆ ਰਿਹਾ ਹੈ ਤਾਂ ਜੋ ਕਿਸ਼ਨ ਦੁਆਰਾ ਭੇਜੀ ਗਈ ਦੂਜੀ ਪਾਰਟੀ ਨੂੰ ਇਹ ਖੇਪ ਅੱਗੇ ਪਹੁੰਚਾ ਸਕੇ। ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਛਾਪਾ ਮਾਰਿਆ ਤੇ ਉਸ ਨੂੰ ਦਾਣਾ ਮੰਡੀ ਸੋਹੀਆਂ ਕਲਾਂ ਫਤਿਹਗੜ੍ਹ ਚੂੜੀਆਂ ਰੋਡ ਨੇੜਿਓਂ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ 20 ਕਿਲੋ ਹੈਰੋਇਨ ਬਰਾਮਦ ਕੀਤੀ ਗਈ।
ਮਜੀਠਾ ਨੇੜਿਓਂ 20 ਕਿੱਲੋ ਹੈਰੋਇਨ ਸਮੇਤ ਤਸਕਰ ਕਾਬੂ
ਮਜੀਠਾ ਨੇੜਿਓਂ 20 ਕਿੱਲੋ ਹੈਰੋਇਨ ਸਮੇਤ ਤਸਕਰ ਕਾਬੂ
ਅਜੀਤ ਡੈਸਕ
02-08-2026