ਕੀ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਦਬਾਅ ਬਣਾਉਣ ਦੀ ਸਿਆਸਤ ਅੱਗੇ ਝੁਕੇਗੀ ਕਾਂਗਰਸ
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 1 ਅਗਸਤ-ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਵਲੋਂ ਸੂਬੇ ਭਰ ਵਿਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਦਰਮਿਆਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਾਲੀਆ ਰੁਖ ਨੇ ਪਾਰਟੀ ਹਾਈਕਮਾਨ ਦੀ ਚਿੰਤਾ ਵਧਾ ਦਿੱਤੀ ਹੈ, ਜਿਸ ਤੋਂ ਹਾਈਕਮਾਨ ਔਖਾ ਦੱਸਿਆ ਜਾ ਰਿਹਾ ਹੈ। ਜਦੋਂ ਹਾਈਕਮਾਨ ਪੰਜਾਬ ਵਿਚ ਗੁੱਟਬੰਦੀ ਖ਼ਤਮ ਕਰਕੇ ਇਕਜੁੱਟਤਾ ਦਾ ਸੰਦੇਸ਼ ਦੇਣਾ ਚਾਹੁੰਦਾ ਹੈ, ਉਸੇ ਸਮੇਂ ਹੋ ਰਹੀਆਂ ਕੁਝ ਸਿਆਸੀ ਗਤੀਵਿਧੀਆਂ ਅਤੇ ਬਿਆਨ ਪਾਰਟੀ ਲੀਡਰਸ਼ਿਪ ਲਈ ਅਸਹਿਜ ਸਥਿਤੀ ਪੈਦਾ ਕਰ ਰਹੇ ਹਨ।ਸੂਤਰਾਂ ਦਾ ਦਾਅਵਾ ਹੈ ਕਿ ਹਾਈਕਮਾਨ ਕੋਲ ਰਿਪੋਰਟ ਪੁੱਜੀ ਹੈ ਕਿ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੌਜੂਦਗੀ ਵਾਲੇ ਕੁਝ ਪ੍ਰੋਗਰਾਮਾਂ ਦੌਰਾਨ ਹੋਈ ਨਾਅਰੇਬਾਜ਼ੀ ਪਿੱਛੇ ਚਰਨਜੀਤ ਸਿੰਘ ਚੰਨੀ ਸਮਰਥਕ ਹੋ ਸਕਦੇ ਹਨ, ਜਿਨ੍ਹਾਂ ਨੂੰ ਉਥੇ ਇਸੇ ਮਕਸਦ ਲਈ ਭੇਜਿਆ ਗਿਆ ਹੋਵੇ । ਹਾਲਾਂਕਿ, ਇਸ ਸੰਬੰਧੀ ਅਜੇ ਚੰਨੀ ਦਾ ਬਿਆਨ ਸਾਹਮਣੇ ਨਹੀਂ ਆਇਆ ਹੈ । ਪਾਰਟੀ ਦੇ ਇਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਜਨਤਕ ਬਿਆਨਬਾਜ਼ੀ, ਜੋ ਸੰਗਠਨ ਵਿਚ ਮਤਭੇਦਾਂ ਦਾ ਪ੍ਰਭਾਵ ਛੱਡੇ, ਹਾਈਕਮਾਨ ਬਿਲਕੁਲ ਵੀ ਪਸੰਦ ਨਹੀਂ ਕਰਦਾ। ਅੱਜ ਜਦੋਂਕਿ ਭੁਪੇਸ਼ ਬਘੇਲ ਅਤੇ ਰਾਜਾ ਵੜਿੰਗ ਪਟਿਆਲਾ ’ਚ ਪਾਰਟੀ ਦਾ ਪ੍ਰੋਗਰਾਮ ਕਰ ਰਹੇ ਸਨ ਅਤੇ ਉਸੇ ਦੌਰਾਨ ਪਾਰਟੀ ਵਲੋਂ ਮੁਅੱਤਲ ਕੀਤੇ ਗਏ ਆਗੂ ਮਦਨ ਲਾਲ ਜਲਾਲਪੁਰ ਦੇ ਨਿਵਾਸ ‘ਤੇ ਚੰਨੀ ਦਾ ਆਪਣੇ ਸਮਰਥਕਾਂ ਦੇ ਵੱਡੇ ਕਾਫ਼ਲੇ ਨਾਲ ਪੁੱਜਣਾ ਵੀ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਚੰਨੀ ਦੀ ਇਸ ਗਤੀਵਿਧੀ ਤੋਂ ਕਾਂਗਰਸ ਹਾਈਕਮਾਨ ਨਾ ਖੁਸ਼ ਦੱਸਿਆ ਜਾ ਰਿਹਾ ਹੈ। ਕਾਂਗਰਸ ਦੇ ਅੰਦਰ ਮੰਨਿਆ ਜਾ ਰਿਹਾ ਹੈ ਕਿ ਅਜਿਹੇ ਸਮੇਂ ਜਦੋਂ ਅਨੁਸ਼ਾਸਨ ਨੂੰ ਲੈ ਕੇ ਸਖ਼ਤ ਸੰਦੇਸ਼ ਦਿੱਤੇ ਜਾ ਰਹੇ ਹੋਣ, ਮੁਅੱਤਲ ਆਗੂ ਨਾਲ ਜਨਤਕ ਹਮਦਰਦੀ ਦਾ ਪ੍ਰਦਰਸ਼ਨ ਹਾਈਕਮਾਨ ਨੂੰ ਚੰਗਾ ਸੰਦੇਸ਼ ਨਹੀਂ ਦਿੰਦਾ। ਸੂਤਰਾਂ ਅਨੁਸਾਰ ਇਸ ਸੰਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਪਾਰਟੀ ਲੀਡਰਸ਼ਿਪ ਤੱਕ ਪਹੁੰਚ ਚੁੱਕੀ ਹੈ। ਇਕ ਸੀਨੀਅਰ ਆਗੂ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਦਬਾਅ ਦੀ ਸਿਆਸਤ ਅੱਗੇ ਨਹੀਂ ਝੁਕੇਗਾ ਅਤੇ ਕਾਂਗਰਸ ਹਾਈਕਮਾਨ ਅਜਿਹੀ ਗਤੀਵਿਧੀਆਂ ਨੂੰ ਪਸੰਦ ਵੀ ਨਹੀਂ ਕਰਦਾ। ਹਾਲਾਂਕਿ, ਇਸ ਗੱਲ ਦਾ ਵੀ ਕੋਈ ਸਬੂਤ ਨਹੀਂ ਹੈ ਕਿ ਕਾਂਗਰਸ ਦੇ ਪ੍ਰੋਗਰਾਮ ਖਰਾਬ ਕਰਨ ਦੀ ਕੋਸ਼ਿਸ਼ ਪਿੱਛੇ ਅਤੇ ਹੋਈ ਨਾਅਰੇਬਾਜ਼ੀ ਪਿੱਛੇ ਚਰਨਜੀਤ ਸਿੰਘ ਚੰਨੀ ਹੀ ਹਨ। ਸੂਤਰਾਂ ਅਨੁਸਾਰ ਭੁਪੇਸ਼ ਬਘੇਲ ਅਤੇ ਹੋਰ ਸੀਨੀਅਰ ਲੀਡਰਸ਼ਿਪ ਦਾ ਇਹੀ ਮੰਨਣਾ ਹੈ ਕਿ ਇਸ ਦੇ ਪਿੱਛੇ ਉਹ ਆਗੂ ਹੀ ਹਨ, ਜੋ ਪਹਿਲਾਂ ਹਾਈ ਕਮਾਨ ਦੇ ਫੈਸਲੇ ਨੂੰ ਚੁਣੌਤੀ ਦੇਣ ਲਈ ਬਗਾਵਤੀ ਸੁਰ ਅਲਾਪਦੇ ਹੋਏ ਵੱਖਰੀਆਂ ਮੀਟਿੰਗਾਂ ਕਰਦੇ ਰਹੇ ਹਨ, ਜਦਕਿ ਪਾਰਟੀ ਦੇ ਪ੍ਰੋਗਰਾਮ ਦੌਰਾਨ ਚੰਨੀ ਦਾ ਪਾਰਟੀ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਆਗੂ ਜਲਾਲਪੁਰ ਦੇ ਘਰ ਪੁੱਜਣਾ ਵੀ ਗ਼ਲਤ ਸੰਦੇਸ਼ ਦੇ ਰਿਹਾ ਹੈ । ਕਾਂਗਰਸ ਦੇ ਅੰਦਰੂਨੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਭੁਪੇਸ਼ ਬਘੇਲ ਆਪਣੀ ਪੰਜਾਬ ਫੇਰੀ ਪੂਰੀ ਹੋਣ ਤੋਂ ਬਾਅਦ ਹਾਈਕਮਾਨ ਨੂੰ ਵਿਸਥਾਰਪੂਰਵਕ ਰਿਪੋਰਟ ਸੌਂਪਣਗੇ। ਇਸ ਰਿਪੋਰਟ ਵਿਚ ਸੰਗਠਨ ਦੀ ਮੌਜੂਦਾ ਸਥਿਤੀ, ਗੁੱਟਬੰਦੀ, ਆਗੂਆਂ ਦੀ ਕਾਰਗੁਜ਼ਾਰੀ ਅਤੇ ਅਨੁਸ਼ਾਸਨ ਨਾਲ ਜੁੜੇ ਮਾਮਲਿਆਂ ਦਾ ਵੀ ਜ਼ਿਕਰ ਹੋ ਸਕਦਾ ਹੈ। ਜੇਕਰ ਰਿਪੋਰਟ ਵਿਚ ਚੰਨੀ ਦੀਆਂ ਹਾਲੀਆ ਗਤੀਵਿਧੀਆਂ ਨੂੰ ਪਾਰਟੀ ਲਾਈਨ ਦੇ ਉਲਟ ਮੰਨਿਆ ਗਿਆ ਤਾਂ ਹਾਈਕਮਾਨ ਵਲੋਂ ਉਨ੍ਹਾਂ ਨੂੰ ਸਖ਼ਤ ਸੰਦੇਸ਼ ਦਿੱਤਾ ਜਾ ਸਕਦਾ ਹੈ। ਸਿਆਸੀ ਹਲਕਿਆਂ ਦਾ ਮੰਨਣਾ ਹੈ ਕਿ ਪੰਜਾਬ ਵਿਚ ਸੰਗਠਨ ਨੂੰ ਇਕਜੁੱਟ ਰੱਖਣਾ ਹਾਈਕਮਾਨ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਇਸ ਲਈ ਅਨੁਸ਼ਾਸਨ ਨਾਲ ਸਮਝੌਤਾ ਕੀਤੇ ਜਾਣ ਦੀ ਸੰਭਾਵਨਾ ਬਹੁਤ ਘੱਟ ਜਾਪਦੀ ਹੈ। ਹੁਣ ਅਜਿਹੇ ਵਿਚ ਪਾਰਟੀ ਦੀ ਲੀਡਰਸ਼ਿਪ ਅਹੁਦੇਦਾਰਾਂ ਅਤੇ ਵਰਕਰਾਂ ਵਿਚ ਇਸ ਗੱਲ ਦੀ ਚਰਚਾ ਛਿੜੀ ਹੋਈ ਹੈ ਕਿ ਕੀ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਬਣਾਈ ਜਾ ਰਹੀ ਦਬਾਅ ਵਾਲੀ ਸਿਆਸਤ ਅੱਗੇ ਕਾਂਗਰਸ ਹਾਈਕਮਾਨ ਝੁਕੇਗਾ ਜਾਂ ਫਿਰ ਅਜਿਹੀਆਂ ਗਤੀਵਿਧੀਆਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਕੋਈ ਸਪੱਸ਼ਟ ਸੰਦੇਸ਼ ਦਿੱਤਾ ਜਾਵੇਗਾ। ਉੱਧਰ, ਇਸ ਸਾਰੇ ਮਸਲੇ ਬਾਰੇ ਚਰਨਜੀਤ ਸਿੰਘ ਚੰਨੀ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਨਾਲ ਕਈ ਵਾਰ ਸੰਪਰਕ ਕੀਤਾ ਗਿਆ ਪਰ ਗੱਲ ਨਹੀਂ ਹੋ ਸਕੀ।