ਟਰੰਪ ਪ੍ਰਸ਼ਾਸਨ ਵਲੋਂ ਅੰਤਰਰਾਸ਼ਟਰੀ ਗ੍ਰੈਜੂਏਟਾਂ ’ਤੇ ਇਕ ਲੱਖ ਡਾਲਰ ਓ.ਪੀ.ਟੀ. ਫੀਸ ਲਾਉਣ ਦੀ ਤਿਆਰੀ
ਸੈਕਰਾਮੈਂਟੋ, 1 ਅਗਸਤ (ਹੁਸਨ ਲੜੋਆ ਬੰਗਾ)-ਟਰੰਪ ਪ੍ਰਸ਼ਾਸਨ ਵਿਕਲਪਿਕ ਪ੍ਰੈਕਟੀਕਲ ਟਰੇਨਿੰਗ (ਓ. ਪੀ.
ਸੈਕਰਾਮੈਂਟੋ, 1 ਅਗਸਤ (ਹੁਸਨ ਲੜੋਆ ਬੰਗਾ)-ਟਰੰਪ ਪ੍ਰਸ਼ਾਸਨ ਵਿਕਲਪਿਕ ਪ੍ਰੈਕਟੀਕਲ ਟਰੇਨਿੰਗ (ਓ.ਪੀ.ਟੀ.) ਪ੍ਰੋਗਰਾਮ ਨਾਲ ਸਬੰਧਿਤ 100,000 ਡਾਲਰ ਫੀਸ ਲਗਾਉਣ ਦੇ ਪ੍ਰਸਤਾਵ ’ਤੇ ਵਿਚਾਰ ਕਰ ਰਿਹਾ ਹੈ| ਇਹ ਇਕ ਅਜਿਹਾ ਕਦਮ ਹੈ ਜਿਸ ਨਾਲ ਅੰਤਰਰਾਸ਼ਟਰੀ ਗ੍ਰੈਜੂਏਟਾਂ ਲਈ ਪੜਾਈ ਪੂਰੀ ਕਰਨ ਤੋਂ ਬਾਅਦ ਅਮਰੀਕਾ ’ਚ ਕੰਮ ਕਰਨਾ ਕਾਫੀ ਮਹਿੰਗਾ ਹੋ ਜਾਵੇਗਾ| ‘ਦ ਵਾਲ ਸਟਰੀਟ ਜਰਨਲ’ ਦੀ ਰਿਪੋਰਟ ਅਨੁਸਾਰ, ਇਹ ਪ੍ਰਸਤਾਵ ਹੋਮਲੈਂਡ ਸਿਕਿਓਰਿਟੀ ਵਿਭਾਗ (ਡੀ.ਐਚ.ਐਸ.) ਦੇ ਵਿਚਾਰ ਅਧੀਨ ਹੈ। ਅਜੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਇਹ ਫੀਸ ਵਿਦਿਆਰਥੀਆਂ, ਮਾਲਕ, ਯੂਨੀਵਰਸਿਟੀਆਂ ਜਾਂ ਕਿਸ ਵੱਲੋਂ ਅਦਾ ਕੀਤੀ ਜਾਵੇਗੀ। ਰਿਪੋਰਟ ਅਨੁਸਾਰ ਕਿਸੇ ਵੀ ਪ੍ਰਸਤਾਵ ਨੂੰ ਉਦੋਂ ਤੱਕ ਅੰਤਿਮ ਨਹੀਂ ਮੰਨਿਆ ਜਾਣਾ ਚਾਹੀਦਾ ਜਦੋਂ ਤੱਕ ਇਸ ਦਾ ਰਸਮੀ ਐਲਾਨ ਨਹੀਂ ਹੋ ਜਾਂਦਾ| ਓ.ਪੀ.ਟੀ. ਯੋਗ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀਆਂ ਡਿਗਰੀਆਂ ਪ੍ਰਾਪਤ ਕਰਨ ਤੋਂ ਬਾਅਦ ਇੱਕ ਤੋਂ ਤਿੰਨ ਸਾਲਾਂ ਲਈ ਅਮਰੀਕਾ ਵਿਚ ਕੰਮ ਕਰਨ ਦੀ ਆਗਿਆ ਦਿੰਦਾ ਹੈ| 2024 ’ਚ ਪ੍ਰੋਗਰਾਮ ਅਧੀਨ 419,000 ਅੰਤਰਰਾਸ਼ਟਰੀ ਗ੍ਰੈਜੂਏਟ ਨਿਯੁਕਤ ਕੀਤੇ ਗਏ ਸਨ| ਇਹ ਪ੍ਰਸਤਾਵ ਉਸ ਸਮੇਂ ਆਇਆ ਹੈ ਜਦੋਂ ਅਮਰੀਕੀ ਯੂਨੀਵਰਸਿਟੀਆਂ ਪਹਿਲਾਂ ਹੀ ਵੀਜ਼ਾ ਦੇਰੀ, ਜਾਂਚ ’ਚ ਦੇਰੀ ਅਤੇ ਵਿਆਪਕ ਇਮੀਗ੍ਰੇਸ਼ਨ ਨੀਤੀ ਵਿਚ ਬਦਲਾਅ ਦੇ ਮੱਦੇਨਜਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਹਨ|