ਬੇਵ ਕ੍ਰੇਗ ਗ੍ਰੇਟਰ ਮੈਨਚੈਸਟਰ ਦੀ ਨਵੀਂ ਮੇਅਰ ਚੁਣੀ ਗਈ
ਲੈਸਟਰ ( ਇੰਗਲੈਂਡ ), 1 ਅਗਸਤ ( ਸੁਖਜਿੰਦਰ ਸਿੰਘ ਢੱਡੇ ):- ਲੇਬਰ ਪਾਰਟੀ ਦੀ ਸੀਨੀਅਰ ਆਗੂ ਅਤੇ ਮੈਨਚੈਸਟਰ ਸਿਟੀ ਕੌਂਸਲ ਦੀ ਮੌਜੂਦਾ ਮੁਖੀ ਬੇਵ ਕ੍ਰੇਗ ਗ੍ਰੇਟਰ ਮੈਨਚੈਸਟਰ ਦੀ ਨਵੀਂ ਮੇਅਰ ਚੁਣੀ ਗਈ ਹੈ । ਉਨ੍ਹਾਂ ਨੇ ਮੇਅਰ ਦੀ ਉਪ ਚੋਣ ਵਿੱਚ ਰੀਫਾਰਮ ਯੂਕੇ ਦੀ ਉਮੀਦਵਾਰ ਸਿਆਨ ਐਸਟਲੀ ਨੂੰ ਦੂਜੇ ਪਸੰਦ ਦੇ ਵੋਟਾਂ ਦੀ ਗਿਣਤੀ ਤੋਂ ਬਾਅਦ ਵੱਡੇ ਅੰਤਰ ਨਾਲ ਹਰਾਉਂਦਿਆਂ ਜਿੱਤ ਦਰਜ ਕੀਤੀ ।
ਲੈਸਟਰ ( ਇੰਗਲੈਂਡ ), 1 ਅਗਸਤ ( ਸੁਖਜਿੰਦਰ ਸਿੰਘ ਢੱਡੇ ):- ਲੇਬਰ ਪਾਰਟੀ ਦੀ ਸੀਨੀਅਰ ਆਗੂ ਅਤੇ ਮੈਨਚੈਸਟਰ ਸਿਟੀ ਕੌਂਸਲ ਦੀ ਮੌਜੂਦਾ ਮੁਖੀ ਬੇਵ ਕ੍ਰੇਗ ਗ੍ਰੇਟਰ ਮੈਨਚੈਸਟਰ ਦੀ ਨਵੀਂ ਮੇਅਰ ਚੁਣੀ ਗਈ ਹੈ । ਉਨ੍ਹਾਂ ਨੇ ਮੇਅਰ ਦੀ ਉਪ ਚੋਣ ਵਿੱਚ ਰੀਫਾਰਮ ਯੂਕੇ ਦੀ ਉਮੀਦਵਾਰ ਸਿਆਨ ਐਸਟਲੀ ਨੂੰ ਦੂਜੇ ਪਸੰਦ ਦੇ ਵੋਟਾਂ ਦੀ ਗਿਣਤੀ ਤੋਂ ਬਾਅਦ ਵੱਡੇ ਅੰਤਰ ਨਾਲ ਹਰਾਉਂਦਿਆਂ ਜਿੱਤ ਦਰਜ ਕੀਤੀ । ਬੇਵ ਕ੍ਰੇਗ ਹੁਣ ਐਂਡੀ ਬਰਨਹੈਮ ਦੀ ਥਾਂ ਸੰਭਾਲਣਗੇ , ਜਿਨ੍ਹਾਂ ਨੇ ਇਸ ਸਾਲ ਜੂਨ ਵਿੱਚ ਮੇਕਰਫੀਲਡ ਹਲਕੇ ਤੋਂ ਸੰਸਦ ਮੈਂਬਰ ਚੁਣੇ ਜਾਣ ਮਗਰੋਂ ਮੇਅਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ । ਬਾਅਦ ਵਿੱਚ ਐਂਡੀ ਬਰਨਹੈਮ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣ ਗਏ , ਜਿਸ ਕਾਰਨ ਇਹ ਉਪ ਚੋਣ ਕਰਵਾਈ ਗਈ । ਚੋਣ ਨਤੀਜਿਆਂ ਅਨੁਸਾਰ ਪਹਿਲੇ ਦੌਰ ਦੀ ਵੋਟਿੰਗ ਵਿੱਚ ਕਿਸੇ ਵੀ ਉਮੀਦਵਾਰ ਨੂੰ 50 ਫੀਸਦੀ ਤੋਂ ਵੱਧ ਵੋਟਾਂ ਨਹੀਂ ਮਿਲੀਆਂ । ਬੇਵ ਕ੍ਰੇਗ ਨੂੰ ਪਹਿਲੀ ਪਸੰਦ ਦੀਆਂ ਕਰੀਬ 47.1 ਫੀਸਦੀ ਵੋਟਾਂ ਮਿਲੀਆਂ , ਜਦਕਿ ਰੀਫਾਰਮ ਯੂਕੇ ਦੀ ਸਿਆਨ ਐਸਟਲੀ ਨੂੰ 21 ਫੀਸਦੀ ਵੋਟਾਂ ਹਾਸਲ ਹੋਈਆਂ । ਗ੍ਰੀਨ ਪਾਰਟੀ ਦੀ ਜੈਰਾਲਡੀਨ ਗੋਗਿਨਜ਼ 12.2 ਫੀਸਦੀ ਵੋਟਾਂ ਨਾਲ ਤੀਜੇ ਸਥਾਨ ‘ ਤੇ ਰਹੀ , ਜਦਕਿ ਰਿਸਟੋਰ ਬ੍ਰਿਟੇਨ ਦੇ ਮਾਰਲਨ ਵੈਸਟ ਨੂੰ 8.7 ਫੀਸਦੀ , ਕਨਜ਼ਰਵੇਟਿਵ ਪਾਰਟੀ ਦੇ ਫਿਲ ਏਕਰਸਲੀ ਨੂੰ 7.7 ਫੀਸਦੀ , ਲਿਬਰਲ ਡੈਮੋਕ੍ਰੈਟ ਦੇ ਰਿਚਰਡ ਕਿਲਪੈਟਰਿਕ ਨੂੰ 2.8 ਫੀਸਦੀ ਅਤੇ ਆਜ਼ਾਦ ਉਮੀਦਵਾਰ ਮਾਰਕਸ ਫਾਰਮਰ ਨੂੰ 0.6 ਫੀਸਦੀ ਵੋਟਾਂ ਮਿਲੀਆਂ । ਕਿਉਂਕਿ ਕਿਸੇ ਵੀ ਉਮੀਦਵਾਰ ਨੂੰ ਸਿੱਧੀ ਜਿੱਤ ਲਈ ਲੋੜੀਂਦਾ ਬਹੁਮਤ ਨਹੀਂ ਮਿਲਿਆ , ਇਸ ਲਈ ਹੋਰ ਉਮੀਦਵਾਰਾਂ ਦੇ ਵੋਟਰਾਂ ਦੀਆਂ ਦੂਜੀ ਪਸੰਦ ਵਾਲੀਆਂ ਵੋਟਾਂ ਦੀ ਗਿਣਤੀ ਕੀਤੀ ਗਈ । ਇਸ ਪ੍ਰਕਿਰਿਆ ਤੋਂ ਬਾਅਦ ਬੇਵ ਕ੍ਰੇਗ ਨੂੰ ਕੁੱਲ 3,09,525 ਵੋਟਾਂ ਮਿਲੀਆਂ , ਜਦਕਿ ਸਿਆਨ ਐਸਟਲੀ 1,57,178 ਵੋਟਾਂ ਨਾਲ ਦੂਜੇ ਸਥਾਨ ‘ ਤੇ ਰਹੀ । ਇਸ ਤਰ੍ਹਾਂ ਲੇਬਰ ਉਮੀਦਵਾਰ ਨੇ ਲਗਭਗ ਦੋਗੁਣਾ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ । ਚੋਣ ਦੌਰਾਨ ਗ੍ਰੇਟਰ ਮੈਨਚੈਸਟਰ ਦੇ ਦਸਾਂ ਸਥਾਨਕ ਪ੍ਰਸ਼ਾਸਕੀ ਖੇਤਰਾਂ ਵਿੱਚ ਪਹਿਲੇ ਦੌਰ ਵਿੱਚ ਵੀ ਬੇਵ ਕ੍ਰੇਗ ਸਭ ਤੋਂ ਅੱਗੇ ਰਹੀ । ਸਿਰਫ਼ ਟ੍ਰੈਫ਼ਰਡ ਵਿੱਚ ਕਨਜ਼ਰਵੇਟਿਵ ਉਮੀਦਵਾਰ ਦੂਜੇ ਸਥਾਨ ‘ ਤੇ ਰਹੇ , ਜਦਕਿ ਮੈਨਚੈਸਟਰ ਖੇਤਰ ਵਿੱਚ ਗ੍ਰੀਨ ਪਾਰਟੀ ਦੀ ਉਮੀਦਵਾਰ ਦੂਜੇ ਨੰਬਰ ‘ ਤੇ ਰਹੀ । ਦੋ ਮਿਲੀਅਨ ਤੋਂ ਵੱਧ ਰਜਿਸਟਰਡ ਵੋਟਰਾਂ ਵਾਲੇ ਇਸ ਚੋਣ ਖੇਤਰ ਵਿੱਚ ਵੋਟਿੰਗ ਪ੍ਰਤੀਸ਼ਤ 25 ਫੀਸਦੀ ਤੋਂ ਘੱਟ ਰਿਹਾ । ਜਿੱਤ ਤੋਂ ਬਾਅਦ ਆਪਣੇ ਪਹਿਲੇ ਸੰਬੋਧਨ ਵਿੱਚ ਬੇਵ ਕ੍ਰੇਗ ਨੇ ਕਿਹਾ ਕਿ ਉਹ ਮੇਅਰ ਵਜੋਂ ਇੱਕ ਹੀ ਕਸੌਟੀ ਨੂੰ ਧਿਆਨ ਵਿੱਚ ਰੱਖ ਕੇ ਹਰ ਫ਼ੈਸਲਾ ਲੈਣਗੀ ਕਿ ਕੀ ਉਸ ਨਾਲ ਗ੍ਰੇਟਰ ਮੈਨਚੈਸਟਰ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣੇਗੀ । ਉਨ੍ਹਾਂ ਕਿਹਾ ਕਿ ਇਸ ਖੇਤਰ ਨੇ ਦੁਨੀਆ ਨੂੰ ਮਹਿਲਾ ਵੋਟ ਅਧਿਕਾਰ ਅੰਦੋਲਨ ( ਸਫਰਜੇਟਸ ) ਵਰਗੀਆਂ ਇਤਿਹਾਸਕ ਲਹਿਰਾਂ ਦਿੱਤੀਆਂ ਹਨ ਅਤੇ ਭਵਿੱਖ ਵਿੱਚ ਵੀ ਇਹ ਖੇਤਰ ਸਕਾਰਾਤਮਕ ਬਦਲਾਅ ਦੀ ਅਗਵਾਈ ਕਰੇਗਾ । ਬੇਵ ਕ੍ਰੇਗ ਨੇ ਕਿਹਾ ਕਿ ਗ੍ਰੇਟਰ ਮੈਨਚੈਸਟਰ ਦੇ ਹਰੇਕ ਨਿਵਾਸੀ ਦੀ ਸੇਵਾ ਕਰਨਾ ਉਨ੍ਹਾਂ ਲਈ ਮਾਣ ਦੀ ਗੱਲ ਹੈ ਅਤੇ ਉਹ ਤਿੰਨ ਮਿਲੀਅਨ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੀ । ਉਨ੍ਹਾਂ ਕਿਹਾ ਕਿ ਖੇਤਰ ਦੇ ਬਹੁਤ ਸਾਰੇ ਲੋਕ ਇਸ ਸਮੇਂ ਵਧਦੀ ਮਹਿੰਗਾਈ , ਰਹਿਣ - ਸਹਿਣ ਦੇ ਵਧਦੇ ਖਰਚ ਅਤੇ ਆਰਥਿਕ ਦਬਾਅ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ । ਪਹਿਲਾਂ ਲੋਕਾਂ ਨੂੰ ਵਿਸ਼ਵਾਸ ਹੁੰਦਾ ਸੀ ਕਿ ਮਿਹਨਤ ਕਰਨ ਨਾਲ ਉਨ੍ਹਾਂ ਅਤੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਬਿਹਤਰ ਹੋਵੇਗਾ , ਪਰ ਹੁਣ ਇਹ ਭਰੋਸਾ ਕਮਜ਼ੋਰ ਪਿਆ ਹੈ । ਇਸ ਵਿਸ਼ਵਾਸ ਨੂੰ ਮੁੜ ਸਥਾਪਿਤ ਕਰਨਾ ਉਨ੍ਹਾਂ ਦੀ ਸਰਕਾਰ ਦੀ ਪ੍ਰਾਥਮਿਕਤਾ ਹੋਵੇਗੀ । ਉਨ੍ਹਾਂ ਨੇ ਕਿਹਾ ਕਿ ਹਰ ਪਰਿਵਾਰ ਨੂੰ ਚੰਗੇ ਇਲਾਕੇ ਵਿੱਚ ਗੁਣਵੱਤਾ ਵਾਲਾ ਘਰ ਮਿਲਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਦੀ ਯੋਜਨਾ ਬਣਾਉਣ ਦਾ ਭਰੋਸਾ ਹੋਣਾ ਚਾਹੀਦਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਸਮਾਜ ਨੂੰ ਵੰਡਣ ਵਾਲੀ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਨਾਲ ਲੈ ਕੇ ਵਿਕਾਸ ਦੇ ਰਾਹ ‘ ਤੇ ਅੱਗੇ ਵਧਣਾ ਸਮੇਂ ਦੀ ਲੋੜ ਹੈ । ਬੇਵ ਕ੍ਰੇਗ 2021 ਤੋਂ ਮੈਨਚੈਸਟਰ ਸਿਟੀ ਕੌਂਸਲ ਦੀ ਆਗੂ ਹਨ । ਇਸ ਤੋਂ ਇਲਾਵਾ ਉਹ ਗ੍ਰੇਟਰ ਮੈਨਚੈਸਟਰ ਕੰਬਾਈਨਡ ਅਥਾਰਟੀ ਵਿੱਚ ਅਰਥਵਿਵਸਥਾ , ਕਾਰੋਬਾਰ ਅਤੇ ਸਮਾਵੇਸ਼ੀ ਵਿਕਾਸ ਲਈ ਡਿਪਟੀ ਮੇਅਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੀਆਂ ਹਨ । ਸਥਾਨਕ ਪ੍ਰਸ਼ਾਸਨ ਅਤੇ ਵਿਕਾਸ ਨਾਲ ਜੁੜੇ ਲੰਬੇ ਤਜ਼ਰਬੇ ਨੂੰ ਦੇਖਦਿਆਂ ਲੇਬਰ ਪਾਰਟੀ ਨੇ ਉਨ੍ਹਾਂ ਨੂੰ ਮੇਅਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਬਣਾਇਆ ਸੀ । ਚੋਣ ਨਤੀਜੇ ਆਉਣ ਤੋਂ ਬਾਅਦ ਲੇਬਰ ਪਾਰਟੀ ਦੀ ਉਪ ਆਗੂ ਅਤੇ ਮੈਨਚੈਸਟਰ ਸੈਂਟਰਲ ਤੋਂ ਸੰਸਦ ਮੈਂਬਰ ਲੂਸੀ ਪਾਵਲ ਨੇ ਬੇਵ ਕ੍ਰੇਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਪਾਰਟੀ ਦੇ ਵਰਕਰਾਂ ਅਤੇ ਸੇਵਾਦਾਰਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ । ਉਨ੍ਹਾਂ ਕਿਹਾ ਕਿ ਬੇਵ ਕ੍ਰੇਗ ਗ੍ਰੇਟਰ ਮੈਨਚੈਸਟਰ ਨੂੰ ਮਜ਼ਬੂਤ ਅਤੇ ਸਮਾਵੇਸ਼ੀ ਭਵਿੱਖ ਵੱਲ ਲਿਜਾਣ ਲਈ ਸਮਰੱਥ ਆਗੂ ਸਾਬਤ ਹੋਣਗੀਆਂ । ਨਵੀਂ ਮੇਅਰ ਦੇ ਸਾਹਮਣੇ ਹੁਣ ਰਿਹਾਇਸ਼ , ਜਨਤਕ ਆਵਾਜਾਈ , ਆਰਥਿਕ ਵਿਕਾਸ , ਰੁਜ਼ਗਾਰ ਦੇ ਨਵੇਂ ਮੌਕੇ , ਸੁਰੱਖਿਆ ਅਤੇ ਲੋਕਾਂ ਦੀ ਜੀਵਨ ਪੱਧਰ ਵਿੱਚ ਸੁਧਾਰ ਵਰਗੇ ਅਹਿਮ ਮੁੱਦਿਆਂ ‘ ਤੇ ਖਰਾ ਉਤਰਣ ਦੀ ਵੱਡੀ ਚੁਣੌਤੀ ਹੋਵੇਗੀ । ਉਨ੍ਹਾਂ ਦੀ ਜਿੱਤ ਨੂੰ ਲੇਬਰ ਪਾਰਟੀ ਲਈ ਇੱਕ ਮਹੱਤਵਪੂਰਨ ਰਾਜਨੀਤਿਕ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ ।