ਚੰਡੀਗੜ੍ਹ, 1 ਜੁਲਾਈ (ਅਜਾਇਬ ਸਿੰਘ ਔਜਲਾ)-ਭਾਰਤ ਅਤੇ ਅਮਰੀਕਾ ਵਿਚਾਲੇ ਹੋਣ ਜਾ ਰਹੇ ਮੁਕਤ ਵਪਾਰ ਸਮਝੌਤੇ (ਐਫ.ਟੀ.ਏ.) ਨੂੰ ਦੇਸ਼ ਦੀ ਖੇਤੀ ਅਤੇ ਡੇਅਰੀ ਸੈਕਟਰ ਲਈ ਮੌਤ ਦੇ ਵਰੰਟ ਕਰਾਰ ਦਿੰਦਿਆਂ 75 ਤੋਂ ਵੱਧ ਕਿਸਾਨ, ਮਜ਼ਦੂਰ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ‘ਦੇਸ਼ ਬਚਾਓ ਮੋਰਚਾ’ ਦਾ ਗਠਨ ਕਰਕੇ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਭਵਨ ਵਿਖੇ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਆਗੂਆਂ ਨੇ ਸਰਕਾਰ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਕਾਰਪੋਰੇਟ ਪੱਖੀ ਸਮਝੌਤਾ ਰੱਦ ਨਾ ਕੀਤਾ ਗਿਆ ਤਾਂ 15 ਜੁਲਾਈ ਨੂੰ ਦੇਸ਼ ਵਿਆਪੀ ਰੋਸ ਮਾਰਚ ਕੱਢੇ ਜਾਣਗੇ ਅਤੇ 21 ਜੁਲਾਈ ਨੂੰ ਦਿੱਲੀ ਦੇ ਕਿਸਾਨ ਘਾਟ ਵਿਖੇ ਲੱਖਾਂ ਦਾ ਇਕੱਠ ਕਰਕੇ ਸੰਸਦ ਦੇ ਇਜਲਾਸ ਮੌਕੇ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ।ਇਸ ਨਵੇਂ ਸਾਂਝੇ ਮੰਚ ਦੇ ਆਗੂਆਂ ਵੀ.ਐਮ. ਸਿੰਘ, ਗੁਰਨਾਮ ਸਿੰਘ ਚੜੂਨੀ ਅਤੇ ਸਰਵਣ ਸਿੰਘ ਪੰਧੇਰ ਨੇ ਖੁਲਾਸਾ ਕੀਤਾ ਕਿ ਅਮਰੀਕਾ ਨਾਲ ਪ੍ਰਸਤਾਵਿਤ ਵਪਾਰ ਸਮਝੌਤੇ ਤਹਿਤ ਵਿਦੇਸ਼ੀ ਖੇਤੀ ਉਤਪਾਦਾਂ ਅਤੇ ਦੁੱਧ ਦੇ ਪਾਊਡਰ ਨੂੰ ਭਾਰਤ ਵਿਚ ਜ਼ੀਰੋ ਦਰਾਮਦ ਡਿਊਟੀ ’ਤੇ ਲਿਆਉਣ ਦੀ ਤਿਆਰੀ ਹੈ। ਇਸ ਵਿਸ਼ਾਲ ਅੰਦੋਲਨ ਦੀ ਅਗਵਾਈ ਲਈ ਵੀ.ਐਮ. ਸਿੰਘ, ਪ੍ਰਕਾਸ਼ ਵੋਹਰਾ, ਕੱਕਾ ਸੰਸਦ ਮੈਂਬਰ (ਐਮ.ਪੀ.), ਸਰਵਣ ਸਿੰਘ ਪੰਧੇਰ ਅਤੇ ਸੁਰਜੀਤ ਸਿੰਘ ਫੂਲ ਸਮੇਤ 6 ਮੈਂਬਰੀ ਕਾਰਜਕਾਰੀ ਕਮੇਟੀ ਬਣਾਈ ਗਈ ਹੈ। ਉਲੀਕੇ ਗਏ ਪ੍ਰੋਗਰਾਮ ਤਹਿਤ 15 ਜੁਲਾਈ ਨੂੰ ਪਿੰਡ, ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ਮੋਟਰਸਾਈਕਲ ਮਾਰਚ ਕੱਢ ਕੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਦਿੱਤੇ ਜਾਣਗੇ ਅਤੇ ਫਿਰ 21 ਜੁਲਾਈ ਨੂੰ ਦਿੱਲੀ ਵੱਲ ਕੂਚ ਕੀਤਾ ਜਾਵੇਗਾ।ਇਸ ਤੋਂ ਪਹਿਲਾਂ ਚੰਡੀਗੜ੍ਹ ’ਚ ਕਿਸਾਨ ਭਵਨ ਵਿਖੇ ਇਕ ਵਿਸ਼ੇਸ਼ ਇਕੱਤਰਤਾ ਦੀ ਅਗਵਾਈ ਗੁਰਨਾਮ ਸਿੰਘ ਚੜੂਨੀ (ਰਾਸ਼ਟਰੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ) ਵਲੋਂ ਕੀਤੀ ਗਈ, ਜਿਸ ਵਿਚ ਮੰਗ ਕੀਤੀ ਗਈ ਕਿ ਖੇਤੀਬਾੜੀ ਨੂੰ ਭਾਰਤ- ਅਮਰੀਕਾ ਵਪਾਰ ਸਮਝੌਤੇ ਤੋਂ ਬਾਹਰ ਰੱਖਿਆ ਜਾਵੇ। ਮੀਟਿੰਗ ’ਚ ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵਣ ਸਿੰਘ ਪੰਧੇਰ, ਕਾਕਾ ਸਿੰਘ ਕੋਟਲਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਸੁਖਜੀਤ ਸਿੰਘ ਹਰਦੋਝੰਡੇ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ, ਸੁਰਜੀਤ ਸਿੰਘ ਫੂਲ ਕਨਵੀਨਰ ਬੀ.ਕੇ.ਯੂ. ਕ੍ਰਾਂਤੀਕਾਰੀ, ਗੁਰਿੰਦਰ ਸਿੰਘ ਭੰਗੂ ਪ੍ਰਧਾਨ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ, ਸੁਖਵਿੰਦਰ ਕੌਰ ਜਨਰਲ ਸਕੱਤਰ ਬੀ.ਕੇ.ਯੂ. ਕ੍ਰਾਂਤੀਕਾਰੀ, ਲਖਵਿੰਦਰ ਸਿੰਘ ਔਲਖ ਬੀ.ਕੇ.ਯੂ. ਸਿਰਸਾ, ਬਲਦੇਵ ਸਿੰਘ ਜ਼ੀਰਾ ਸੂਬਾ ਪ੍ਰਧਾਨ ਬੀ.ਕੇ.ਯੂ ਕ੍ਰਾਂਤੀਕਾਰੀ, ਮਨਜੀਤ ਸਿੰਘ ਰਾਏ ਸੂਬਾ ਪ੍ਰਧਾਨ ਬੀ.ਕੇ.ਯੂ. ਦੋਆਬਾ, ਅਭਿਮੰਨਿਊ ਕੋਹਾੜ ਬੀ.ਕੇ.ਯੂ. ਨੌਜਵਾਨ ਯੂਨੀਅਨ ਹਰਿਆਣਾ, ਸਤਿੰਦਰ ਸਿੰਘ ਜੀਤੂ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਚੜੂਨੀ ਤੋਂ ਇਲਾਵਾ ਅਮਰਜੀਤ ਸਿੰਘ ਮੋੜੀ ਪ੍ਰਧਾਨ ਬੀ.ਕੇ.ਯੂ. ਸ਼ਹੀਦ ਭਗਤ ਸਿੰਘ, ਸੁਖ ਗਿੱਲ ਮੋਗਾ ਸੂਬਾ ਪ੍ਰਧਾਨ ਬੀ.ਕੇ.ਯੂ ਤੋਤੇਵਾਲ, ਅਮਰਿੰਦਰ ਸਿੰਘ ਹੈਪੀ ਸੂਬਾ ਪ੍ਰਧਾਨ ਪੰਜਾਬ ਬੀ.ਕੇ.ਯੂ ਚੜੂਨੀ, ਸੁਮਨ ਹੁੱਡਾ ਦੇ ਨਾਲ ਨਾਲ ਇੰਦਰਜੀਤ ਸਿੰਘ ਕੋਟਬੁੱਢਾ ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ, ਗੁਰਸੇਵਕ ਸਿੰਘ ਧਾਲੀਵਾਲ ਪ੍ਰਧਾਨ ਬੀ.ਕੇ.ਯੂ ਮਜ਼ੈਲ, ਦਿਲਬਾਗ ਸਿੰਘ ਹਰੀਗੜ੍ਹ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ ਏਕਤਾ ਆਜ਼ਾਦ ਆਦਿ ਇਸ ਮੀਟਿੰਗ ਦਾ ਹਿੱਸਾ ਬਣੇ।