ਖੰਨਾ, 1 ਜੁਲਾਈ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਇਕ ਹੋਟਲ ਵਿਚ ਇਕ ਨੌਜਵਾਨ ਔਰਤ ਅਤੇ ਲੜਕੇ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਮਿਲੀਆਂ। ਪਤਾ ਲੱਗਾ ਹੈ ਕਿ ਦੋਵਾਂ ਦੇ ਸਿਰ ਵਿਚ ਗੋਲੀਆਂ ਵੱਜੀਆਂ ਹਨ । ਪੁਲਿਸ ਅਨੁਸਾਰ ਇਹ ਮਾਮਲਾ ਖ਼ੁਦਕੁਸ਼ੀਆਂ ਦਾ ਹੈ। ਡੀ .ਐਸ. ਪੀ. ਅਨੁਸਾਰ ਪੁਲਿਸ ਨੂੰ ਇਸ ਬਾਰੇ ਪੁਖ਼ਤਾ ਸਬੂਤ ਮਿਲੇ ਹਨ। ਘਟਨਾ ਵਾਲੇ ਸਥਾਨ ਤੋਂ ਇਕ 9 ਐਮ. ਐਮ. ਦਾ ਪਿਸਤੌਲ ਅਤੇ 2 ਮੈਗਜੀਨ ਬਰਾਮਦ ਹੋਣ ਦਾ ਚਰਚਾ ਹੈ। ਪਤਾ ਲੱਗਾ ਹੈ ਕਿ ਰਾਤ 2 ਤੋਂ 3 ਵਜੇ ਦੇ ਦਰਮਿਆਨ ਵਿਚ ਉਹ ਦੋਵੇਂ ਹੋਟਲ ਗਰੀਨਲੈਂਡ ਪਹੁੰਚੇ ਸਨ ਅਤੇ ਕਮਰਾ ਬੁੱਕ ਕੀਤਾ, ਜਦੋਂ ਸਵੇਰੇ ਕਾਫ਼ੀ ਦੇਰ ਤੱਕ ਕਮਰੇ ਵਿਚੋਂ ਕੋਈ ਹਿਲਜੁਲ ਜਾਂ ਆਵਾਜ਼ ਸੁਣਾਈ ਨਾ ਦਿੱਤੀ ਤਾਂ ਹੋਟਲ ਦੇ ਸਟਾਫ਼ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਅਖੀਰ ਦਰਵਾਜਾ ਤੋੜਿਆ ਗਿਆ ਅਤੇ ਦੋਵਾਂ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਮਿਲੀਆਂ।ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਔਰਤ ਵਿਆਹੀ ਹੋਈ ਸੀ ਅਤੇ ਉਸ ਦੇ ਦੋ ਬੱਚੇ ਹਨ। ਔਰਤ ਅਤੇ ਨੌਜਵਾਨ ਦੋਵੇਂ ਦੂਰ ਦੇ ਰਿਸ਼ਤੇਦਾਰ ਦੱਸੇ ਗਏ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਮਾਮਲਾ ਕਥਿਤ ਤੌਰ ’ਤੇ ਨਾਜਾਇਜ਼ ਸੰਬੰਧਾਂ ਦਾ ਹੈ। ਇਹ ਸ਼ੱਕ ਕੀਤਾ ਜਾ ਰਿਹਾ ਹੈ ਕਿ ਨੌਜਵਾਨ ਨੇ ਪਹਿਲਾਂ ਔਰਤ ਨੂੰ ਗੋਲੀ ਮਾਰੀ ਅਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਦਰਮਿਆਨ ਇਹ ਚਰਚਾ ਵੀ ਸੁਣਾਈ ਦਿੱਤੀ ਹੈ ਕਿ ਇੰਨਾ ਦੋਵਾਂ ਨਾਲ ਖੰਨਾ ਦਾ ਕੋਈ ਨੌਜਵਾਨ ਵੀ ਸੀ, ਜਿਸ ਦੀ ਸਿਫ਼ਾਰਿਸ਼ ’ਤੇ ਹੋਟਲ ਵਾਲਿਆਂ ਨੇ ਬਿਨਾਂ ਕੋਈ ਪਛਾਣ ਪੱਤਰ ਜਾਂ ਆਧਾਰ ਕਾਰਡ ਲਿਆ ਹੀ ਅਤੇ ਬਿਨਾਂ ਰਜਿਸਟਰ ਵਿਚ ਨਾਮ ਪਤਾ ਦਰਜ ਕੀਤੇ ਹੀ ਕਮਰਾ ਦੇ ਦਿੱਤਾ ਸੀ। ਐਸ. ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਅਨੁਸਾਰ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ ਅਤੇ ਤਕਨੀਕੀ ਟੀਮ ਸਾਰੇ ਮਾਮਲੇ ਨੂੰ ਤਕਨੀਕੀ ਢੰਗਾਂ ਨਾਲ ਜਾਂਚ ਰਹੀ ਹੈ। ਜਦੋਂ ਡੀ. ਐਸ. ਪੀ. ਖੰਨਾ ਵਿਨੋਦ ਕੁਮਾਰ ਨੂੰ ਇਹ ਪੁੱਛਿਆ ਗਿਆ ਕਿ ਕੀ ਦਰਵਾਜਾ ਪੁਲਿਸ ਦੀ ਹਾਜ਼ਰੀ ਵਿਚ ਤੋੜਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਨਹੀਂ ਦਰਵਾਜਾ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਤੋੜ ਦਿੱਤਾ ਗਿਆ ਸੀ।ਪੁਲਿਸ ਅਨੁਸਾਰ ਔਰਤ ਦੀ ਪਛਾਣ ਤਰਨ ਤਾਰਨ ਵਾਸੀ ਵਜੋਂ ਹੋਈ ਹੈ, ਜਦੋਂਕਿ ਨੌਜਵਾਨ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਸੀ। ਪੁਲਿਸ ਵਲੋਂ ਹੋਟਲ ਦੇ ਸੀ. ਸੀ. ਟੀ. ਵੀ. ਕੈਮਰਿਆਂ ਅਤੇ ਆਸਪਾਸ ਦੇ ਸੀ. ਸੀ. ਟੀ. ਵੀਜ਼ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮਾਂ ਵੀ ਮੌਕੇ ’ਤੇ ਪਹੁੰਚੀਆਂ ਹਨ।