2027 ਫ਼ਤਹਿ ਮਿਸ਼ਨ ਲਈ ਭਾਜਪਾ ਦਾ ਪੰਜਾਬ ’ਤੇ ਫੋਕਸ ਅਮਿਤ ਸ਼ਾਹ ਜੁਲਾਈ ਦੇ ਦੂਜੇ ਹਫ਼ਤੇ ਤੋਂ ਬਾਅਦ ਸੰਭਾਲ ਸਕਦੇ ਹਨ ਚੋਣ ਕਮਾਨ
ਅਜੀਤ ਡੈਸਕ
02-07-2026
ਚੰਡੀਗੜ੍ਹ, 1 ਜੁਲਾਈ–ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੀਆਂ ਸਿਆਸੀ ਅਤੇ ਸੰਗਠਨਾਤਮਕ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਦੇ ਭਰੋਸੋਯੋਗ ਸੂਤਰਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੁਲਾਈ ਦੇ ਦੂਜੇ ਹਫ਼ਤੇ ਤੋਂ ਬਾਅਦ ਕਿਸੇ ਵੀ ਸਮੇਂ ਪੰਜਾਬ ਦੀ ਚੋਣ ਕਮਾਨ ਸੰਭਾਲ ਸਕਦੇ ਹਨ। ਪਾਰਟੀ ਦਾ ਟੀਚਾ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਆਪਣੇ ਸੰਗਠਨ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਕਰਦਿਆਂ ਸੱਤਾ ਦੀ ਦੌੜ ਵਿਚ ਮਜ਼ਬੂਤ ਦਾਅਵੇਦਾਰ ਵਜੋਂ ਉੱਭਰਨਾ ਹੈ। ਕੇਂਦਰੀ ਲੀਡਰਸ਼ਿਪ ਪੰਜਾਬ ਲਈ ਵੱਖਰਾ ਚੋਣੀ ਰੋਡਮੈਪ ਤਿਆਰ ਕਰ ਰਹੀ ਹੈ, ਜਿਸ ਦੀ ਨਿਗਰਾਨੀ ਸਿੱਧੇ ਤੌਰ ’ਤੇ ਕੇਂਦਰੀ ਪੱਧਰ ਤੋਂ ਕੀਤੀ ਜਾਵੇਗੀ। ਇਸੇ ਤਹਿਤ ਕੇਂਦਰੀ ਨੇਤਾਵਾਂ ਅਤੇ ਪੰਜਾਬ ਇਕਾਈ ਦੇ ਸੀਨੀਅਰ ਆਗੂਆਂ ਵਿਚਾਲੇ ਲਗਾਤਾਰ ਬੈਠਕਾਂ ਦਾ ਦੌਰ ਜਾਰੀ ਹੈ। ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ, ਨਵੇਂ ਸਮਾਜਿਕ ਵਰਗਾਂ ਨਾਲ ਸੰਪਰਕ ਵਧਾਉਣ ਅਤੇ ਹਰ ਵਿਧਾਨ ਸਭਾ ਹਲਕੇ ਲਈ ਵੱਖਰੀ ਰਣਨੀਤੀ ਤਿਆਰ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪਾਰਟੀ ਵਲੋਂ ਆਉਣ ਵਾਲੇ ਸਮੇਂ ’ਚ ਜ਼ਿਲ੍ਹਾ, ਮੰਡਲ ਅਤੇ ਬੂਥ ਪੱਧਰ ਦੇ ਸੰਗਠਨ ਦੀ ਵਿਸਤ੍ਰਿਤ ਸਮੀਖਿਆ ਕੀਤੀ ਜਾਵੇਗੀ। ਜਿਥੇ ਸੰਗਠਨ ਕਮਜ਼ੋਰ ਹੈ, ਉਥੇ ਨਵੇਂ ਚਿਹਰਿਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਜਾ ਸਕਦੀਆਂ ਹਨ, ਜਦਕਿ ਸਰਗਰਮ ਵਰਕਰਾਂ ਨੂੰ ਚੋਣ ਪ੍ਰਬੰਧਨ ਵਿਚ ਅਹਿਮ ਭੂਮਿਕਾ ਦਿੱਤੀ ਜਾਵੇਗੀ। ਪਾਰਟੀ ਵਲੋਂ ਵੱਖ-ਵੱਖ ਜ਼ਿਲ੍ਹਿਆਂ ਅਤੇ ਵਿਧਾਨ ਸਭਾ ਹਲਕਿਆਂ ਲਈ ਇੰਚਾਰਜਾਂ ਦੀਆਂ ਨਿਯੁਕਤੀਆਂ ਨੂੰ ਵੀ ਇਸੇ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।ਭਾਰਤੀ ਜਨਤਾ ਪਾਰਟੀ ਦੀ ਯੋਜਨਾ ਸਿਰਫ਼ ਸੰਗਠਨ ਨੂੰ ਮਜ਼ਬੂਤ ਕਰਨ ਤੱਕ ਸੀਮਤ ਨਹੀਂ ਰਹੇਗੀ। ਪਾਰਟੀ ਨੌਜਵਾਨਾਂ, ਮਹਿਲਾਵਾਂ, ਕਿਸਾਨਾਂ, ਅਨੁਸੂਚਿਤ ਜਾਤੀਆਂ, ਪਛੜੇ ਵਰਗਾਂ, ਵਪਾਰੀਆਂ, ਉਦਯੋਗਪਤੀਆਂ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਤੱਕ ਪਹੁੰਚ ਬਣਾਉਣ ਲਈ ਵੱਖ-ਵੱਖ ਜਨ ਸੰਪਰਕ ਮੁਹਿੰਮਾਂ ਚਲਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਅਤੇ ਡਿਜੀਟਲ ਪਲੇਟਫ਼ਾਰਮਾਂ ਰਾਹੀਂ ਵੀ ਪਾਰਟੀ ਆਪਣੀ ਪਹੁੰਚ ਨੂੰ ਹੋਰ ਮਜ਼ਬੂਤ ਕਰੇਗੀ।ਅਮਿਤ ਸ਼ਾਹ ਦੀ ਸਰਗਰਮੀ ਵਧਣ ਤੋਂ ਬਾਅਦ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਦੀ ਸਥਿਤੀ ਦਾ ਵਿਸਤ੍ਰਿਤ ਜਾਇਜ਼ਾ ਲਿਆ ਜਾਵੇਗਾ। ਹਰ ਹਲਕੇ ਦੇ ਸਿਆਸੀ ਸਮੀਕਰਨ, ਸਥਾਨਕ ਮੁੱਦਿਆਂ, ਸਮਾਜਿਕ ਢਾਂਚੇ ਅਤੇ ਸੰਗਠਨ ਦੀ ਸਥਿਤੀ ਦੇ ਆਧਾਰ ’ਤੇ ਵੱਖਰਾ ਐਕਸ਼ਨ ਪਲਾਨ ਤਿਆਰ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਲੋਕ ਸਭਾ ਹਲਕਿਆਂ ਦੀ ਕਾਰਗੁਜ਼ਾਰੀ ਦੀ ਵੀ ਸਮੀਖਿਆ ਕੀਤੀ ਜਾਵੇਗੀ। ਪਾਰਟੀ ਸੂਤਰਾਂ ਦਾ ਦਾਅਵਾ ਹੈ ਕਿ ਆਉਣ ਵਾਲੇ ਮਹੀਨਿਆਂ ਦੌਰਾਨ ਪੰਜਾਬ ’ਚ ਵਰਕਰ ਸੰਮੇਲਨਾਂ, ਬੂਥ ਪੱਧਰੀ ਬੈਠਕਾਂ, ਜਨ ਸਭਾਵਾਂ ਅਤੇ ਪ੍ਰਬੁੱਧ ਵਰਗ ਨਾਲ ਸੰਵਾਦ ਦੇ ਕਈ ਪ੍ਰੋਗਰਾਮ ਕਰਵਾਏ ਜਾਣਗੇ। ਇਨ੍ਹਾਂ ਵਿਚ ਕੇਂਦਰੀ ਲੀਡਰਸ਼ਿਪ ਦੀ ਸਰਗਰਮ ਸ਼ਮੂਲੀਅਤ ਰਹਿਣ ਦੀ ਸੰਭਾਵਨਾ ਹੈ। ਨਾਲ ਹੀ ਸਰਹੱਦੀ ਇਲਾਕਿਆਂ, ਸ਼ਹਿਰੀ ਖੇਤਰਾਂ ਅਤੇ ਉਨ੍ਹਾਂ ਹਲਕਿਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਜਿਥੇ ਪਿਛਲੇ ਸਮੇਂ ਦੌਰਾਨ ਭਾਜਪਾ ਦਾ ਵੋਟ ਆਧਾਰ ਵਧਿਆ ਹੈ।ਪਾਰਟੀ ਇਸ ਵਾਰ ਸੰਭਾਵੀ ਉਮੀਦਵਾਰਾਂ ਦੀ ਪਛਾਣ ਵੀ ਕਾਫ਼ੀ ਪਹਿਲਾਂ ਕਰਨ ਦੇ ਰੌਂਅ ਵਿਚ ਹੈ ਤਾਂ ਜੋ ਉਨ੍ਹਾਂ ਨੂੰ ਆਪਣੇ-ਆਪਣੇ ਹਲਕਿਆਂ ’ਚ ਲੰਬੇ ਸਮੇਂ ਤੱਕ ਕੰਮ ਕਰਨ ਦਾ ਮੌਕਾ ਮਿਲ ਸਕੇ। ਇਸ ਦੇ ਨਾਲ ਹੀ ਚੋਣ ਪ੍ਰਬੰਧਨ, ਡਾਟਾ ਵਿਸ਼ਲੇਸ਼ਣ, ਬੂਥ ਪ੍ਰਬੰਧਨ ਅਤੇ ਡਿਜ਼ੀਟਲ ਪ੍ਰਚਾਰ ਲਈ ਵੱਖ-ਵੱਖ ਟੀਮਾਂ ਬਣਾਉਣ ਦੀ ਯੋਜਨਾ ’ਤੇ ਵੀ ਕੰਮ ਚੱਲ ਰਿਹਾ ਹੈ। ਭਾਵੇਂ ਭਾਰਤੀ ਜਨਤਾ ਪਾਰਟੀ ਵਲੋਂ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ, ਪਰ ਸਿਆਸੀ ਹਲਕਿਆਂ ’ਚ ਇਹ ਚਰਚਾ ਜ਼ੋਰਾਂ ’ਤੇ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਵਿਚ ਪਾਰਟੀ ਦੀਆਂ ਤਿਆਰੀਆਂ ਇਸ ਵਾਰ ਸਿੱਧੇ ਕੇਂਦਰੀ ਅਗਵਾਈ ਦੀ ਨਿਗਰਾਨੀ ਹੇਠ ਅੱਗੇ ਵਧਣਗੀਆਂ। ਜੇਕਰ ਇਹ ਰਣਨੀਤੀ ਅਮਲ ਵਿਚ ਆਉਂਦੀ ਹੈ ਤਾਂ ਆਉਣ ਵਾਲੇ ਮਹੀਨਿਆਂ ’ਚ ਪੰਜਾਬ ਦੀ ਸਿਆਸਤ ਵਿਚ ਭਾਜਪਾ ਦੀ ਸਰਗਰਮੀ ਅਤੇ ਚੋਣ ਸਮੀਕਰਨਾਂ ਵਿਚ ਅਹਿਮ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।