ਸੰਗਰੂਰ, 1 ਜੁਲਾਈ (ਧੀਰਜ ਪਸੋਰੀਆ)-ਕੇਂਦਰ ਸਰਕਾਰ ਵਲੋਂ ਸਮੇਂ ਸਿਰ ਪੱਤਰ ਨਾ ਜਾਰੀ ਹੋਣ ਕਾਰਨ ਪੰਜਾਬ ਦੇ ਕਰੀਬ 5500 ਸੈਲਰਾਂ ਵਿਚ ਝੋਨੇ ਦੀ ਮੀਲਿੰਗ ਅੱਜ ਤੋਂ ਬੰਦ ਹੋ ਗਈ ਹੈ, ਜਿਸ ਕਾਰਨ ਸੂਬੇ ਦੇ ਸੈਲਰ ਮਾਲਿਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਪਹਿਲਾਂ ਤੋਂ ਜਾਰੀ ਹੋਇਆ ਪੱਤਰ 30 ਜੂਨ ਤੱਕ ਝੋਨੇ ਦੀ ਮਿਲਿੰਗ ਦੀ ਇਜਾਜ਼ਤ ਦਿੰਦਾ ਹੈ। ਉਸ ਤੋਂ ਬਾਅਦ ਨਵਾਂ ਪੱਤਰ ਜਾਰੀ ਹੋਣਾ ਸੀ ਪਰ ਉਹ ਅਜੇ ਤੱਕ ਜਾਰੀ ਨਹੀਂ ਹੋਇਆ, ਜਿਸ ਕਾਰਨ ਪੰਜਾਬ ਦੇ ਸੈਲਰਾਂ ਵਿਚ ਝੋਨੇ ਦੀ ਮਿਲਿੰਗ ਦਾ ਕੰਮ ਰੁਕ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ਦੇ ਸ਼ੈਲਰਾਂ ਵਿਚ ਪਿਛਲੇ ਸਾਲ ਦੇ ਪਏ 25 ਫ਼ੀਸਦੀ ਦੇ ਕਰੀਬ ਝੋਨੇ ਦੀ ਮਿਲਿੰਗ ਹੋਣੀ ਅਜੇ ਬਾਕੀ ਹੈ। ਦੂਜਾ, ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਦੇ ਗੁਦਾਮਾਂ ਵਿਚ ਚੌਲ ਲਗਾਉਣ ਲਈ ਜਗ੍ਹਾ ਨਾ ਮਿਲਣ ਕਾਰਨ ਮੀਲਿੰਗ ਵਿਚ ਦੇਰੀ ਹੋ ਰਹੀ ਹੈ ਅਤੇ ਸੈਲਰ ਮਾਲਕਾਂ ਦੀਆਂ ਪ੍ਰੇਸ਼ਾਨੀਆਂ ਲਗਾਤਾਰ ਵਧ ਰਹੀਆਂ ਹਨ। ਜ਼ਿਕਰਯੋਗ ਹੈ ਕਿ ਐਫ.ਸੀ.ਆਈ. ਦੇ ਗੁਦਾਮਾਂ ਵਿਚ ਅਜੇ ਤੱਕ 2023-24 ਦਾ ਚੌਲ ਵੀ ਪਿਆ ਹੈ। ਚਾਲੂ ਸੀਜ਼ਨ ਦੀ ਗੱਲ ਕਰੀਏ ਤਾਂ ਐਫ.ਸੀ.ਆਈ. ਦੇ ਨਿਯਮਾਂ ਮੁਤਾਬਕ ਸਾਲ 2025-26 ਦੇ ਝੋਨੇ ਦੀ ਮਿਲਿੰਗ ਦਾ ਕੰਮ 31 ਮਾਰਚ ਤੱਕ ਮੁਕੰਮਲ ਹੋ ਜਾਣਾ ਸੀ ਪਰ ਜੂਨ ਦਾ ਮਹੀਨਾ ਬੀਤ ਜਾਣ ਦੇ ਬਾਵਜੂਦ ਅਜੇ 25 ਫ਼ੀਸਦੀ ਝੋਨੇ ਦੀ ਮੀਲਿੰਗ ਹੋਣੀ ਅਜੇ ਬਾਕੀ ਹੈ। ਲੋਕਲ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਦੇ ਗੁਦਾਮਾਂ ਵਿਚੋਂ ਪਿਛਲੇ ਸਾਲਾਂ ਦਾ ਚੌਲ ਨਹੀਂ ਚੁੱਕਿਆ ਜਾ ਰਿਹਾ ਹੈ।ਨਤੀਜੇ ਵਜੋਂ ਨਵੇਂ ਸੀਜਨ ਦੇ ਚੌਲ ਲੱਗਣ ਲਈ ਇਹਨਾਂ ਗੁਦਾਮਾਂ ਵਿਚ ਜਗ੍ਹਾ ਨਹੀਂ ਹੈ। ਚੌਲ ਚੁੱਕੇ ਜਾਣ ਦੀ ਰਫ਼ਤਾਰ ਬਹੁਤ ਧੀਮੀ ਹੈ। ਚੌਲ ਚੁੱਕੇ ਜਾਣ ਦੀ ਇਸ ਧੀਮੀ ਰਫ਼ਤਾਰ ਕਾਰਨ ਹੀ ਸੈਲਰਾਂ ਵਿਚ ਪਏ 2025-26 ਦੇ ਝੋਨੇ ਦੀ ਮੀਲਿੰਗ ਅਜੇ ਮੁਕੰਮਲ ਨਹੀਂ ਹੋ ਸਕੀ ਹੈ, ਜਿਸ ਦਾ ਖਮਿਆਜਾ ਸੈਲਰ ਮਾਲਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜਿਸ ਮਿਲਿੰਗ ਦੇ ਸੀਜਨ ਨੇ ਚਾਰ ਕੁ ਮਹੀਨਿਆਂ ਵਿੱਚ ਮੁਕੰਮਲ ਹੋ ਜਾਣਾ ਹੁੰਦਾ ਹੈ, ਉਸ ਸੀਜਨ ਦੇ ਕਰੀਬ ਇਕ ਸਾਲ ਚੱਲਣ ਕਾਰਨ ਸੈਲਰਾਂ ਦਾ ਖਰਚਾ ਵਧ ਜਾਂਦਾ ਹੈ। ਇਸ ਦੇ ਨਾਲ ਹੀ ਲੰਮਾ ਸਮਾਂ ਖੁੱਲੇ ਵਿਚ ਪਏ ਰਹੇ ਕਾਰਨ ਝੋਨੇ ਦਾ ਜਿਥੇ ਵਜ਼ਨ ਘੱਟਦਾ ਹੈ, ਉਥੇ ਉਹ ਬਦਰੰਗ ਵੀ ਹੋ ਜਾਂਦਾ ਹੈ, ਜਿਸ ਦਾ ਸਾਰਾ ਖਮਿਆਜਾ ਸ਼ੈਲਰ ਮਾਲਕਾਂ ਨੂੰ ਭੁਗਤਣਾ ਪੈਂਦਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦਾ ਸੈਲਰ ਉਦਯੋਗ ਲਗਾਤਾਰ ਬਰਬਾਦੀ ਵੱਲ ਵਧ ਰਿਹਾ ਹੈ। ਸੈਲਰ ਉਦਯੋਗ ਜੋ ਪੰਜਾਬ ਦੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ ਅੱਜ ਹੌਲੀ-ਹੌਲੀ ਉਸ ਨੂੰ ਤਾਲੇ ਲੱਗਣ ਜਾ ਰਹੇ ਹਨ। ਗੱਲ ਸੰਗਰੂਰ ਦੀ ਹੀ ਕਰੀਏ ਤਾਂ ਇਥੇ ਪਿਛਲੇ ਸਾਲਾਂ ਤੋਂ ਕੋਈ ਵੀ ਨਵਾਂ ਸੈਲਰ ਨਹੀਂ ਲੱਗਾ, ਬਲਕਿ ਚੱਲ ਰਹੇ 74 ਦੇ ਕਰੀਬ ਸੈਲਰਾਂ ਵਿਚੋਂ ਪੰਜ ਸੈਲਰ ਮਾਲਕ ਆਪਣੇ ਸੈਲਰ ਵੇਚਣ ਲਈ ਤਿਆਰ ਹਨ। ਜੇਕਰ ਇਹ ਵਰਤਾਰਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦਾ ਸੈਲਰ ਉਦਯੋਗ ਖਤਮ ਹੋ ਜਾਵੇਗਾ।ਵਰਿੰਦਰਪਾਲ ਸਿੰਘ ਟੀਟੂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਵਾਂ ਤੋਂ ਮੰਗ ਕੀਤੀ ਕਿ ਮਿਲਿੰਗ ਕਰਨ ਲਈ ਪੱਤਰ ਜਲਦ ਜਾਰੀ ਕੀਤਾ ਜਾਵੇ ਅਤੇ ਪੰਜਾਬ ਦੇ ਗੁਦਾਮਾਂ ਵਿਚ ਪਏ ਚੌਲ ਨੂੰ ਚੁੱਕੇ ਜਾਣ ਦੀ ਰਫਤਾਰ ਨੂੰ ਵਧਾਇਆ ਜਾਵੇ। ਇਨ੍ਹਾਂ ਵਿਚਾਰਾਂ ਦੀ ਦਿਨੇਸ਼ ਗੋਇਲ ਬਬਲੂ, ਜੋਗਿੰਦਰ ਕੁਮਾਰ ਨਿਕਾ,ਪਰਮਜੀਤ ਸ਼ਰਮਾ,ਕਾਮਲ ਨਰੇਸ਼ ਮਿੱਤਲ ਰਾਜੀਵ ਗਰਗ ਰੈਂਪੂ ,ਕ੍ਰਿਸ਼ਨ ਬਾਂਸਲ ਬੱਬੂ, ਨਰਿੰਦਰ ਸਿੰਘ, ਭਿੰਦਰ ਸਿੰਘ, ਗੁਰਮੇਲ ਸਿੰਘ ਬਡਰੁੱਖਾਂ,ਸੌਰਵ ਗੋਇਲ, ਅੰਕਰ ਅੰਮ੍ਰਿਤ, ਜਤਿੰਦਰ ਪੋਂਪਾ, ਅੰਕਿਤ, ਕਾਲਾ ਗੁਪਤਾ, ਗੋਰਾ,ਆਸੂ,ਗਗਨ ਘਾਬਦਾਂ, ਅਸ਼ਵਨੀ ਜੋਨੀ, ਗੋਰੀ, ਮਿੰਕੂ,ਜੋਨੀ ਅਨਮੋਲ,ਹਰਪ੍ਰੀਤ ਸਿੰਘ ਢੀਂਡਸਾ, ਭੋਲਾ ਸਿੰਘ,ਰਾਜੇਸ਼ ਪਾਲ, ਦੀਪਕ ਰਾਜੂ, ਗੁਰਚੇਤ ਸਿੰਘ,ਤਰਸੇਮ ਜਿੰਦਲ ਅਤੇ ਹੋਰਨਾਂ ਨੇ ਪਰੋੜਤਾ ਕੀਤੀ ਹੈ।