ਹਲਵਾਰਾ (ਲੁਧਿਆਣਾ), 4 ਜੁਲਾਈ (ਮਨਦੀਪ ਸਿੰਘ ਉੱਭੀ)-ਏਅਰ ਇੰਡੀਆ ਦੀ ਉਡਾਣ ਏ.ਆਈ 481, ਜੋ ਸਨਿਚਰਵਾਰ ਸਵੇਰੇ 5:55 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਲਵਾਰਾ ਲਈ ਰਵਾਨਾ ਹੋਈ ਸੀ, ਦੇ ਯਾਤਰੀਆਂ ਨੂੰ ਇਕ ਹੀ ਯਾਤਰਾ ਦੌਰਾਨ ਦੋ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਡਾਣ ਭਰਨ ਤੋਂ ਕਰੀਬ 15 ਮਿੰਟ ਬਾਅਦ ਜਹਾਜ਼ ਵਿਚ ਤਕਨੀਕੀ ਖ਼ਰਾਬੀ ਆ ਗਈ, ਜਿਸ ਤੋਂ ਬਾਅਦ ਪਾਇਲਟ ਨੇ ਸੁਰੱਖਿਆ ਨੂੰ ਤਰਜੀਹ ਦਿੰਦਿਆਂ ਜਹਾਜ਼ ਨੂੰ ਸਵੇਰੇ ਕਰੀਬ 7 ਵਜੇ ਦਿੱਲੀ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰ ਦਿੱਤਾ। ਇਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਦੂਜੇ ਜਹਾਜ਼ ਵਿਚ ਬਿਠਾ ਕੇ ਸਵੇਰੇ ਕਰੀਬ 9 ਵਜੇ ਹਲਵਾਰਾ ਲਈ ਰਵਾਨਾ ਕੀਤਾ ਗਿਆ। ਜਦੋਂ ਜਹਾਜ਼ ਸਵੇਰੇ ਕਰੀਬ 10 ਵਜੇ ਹਲਵਾਰਾ ਪਹੁੰਚਿਆ ਤਾਂ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਖਰਾਬ ਮੌਸਮ ਕਾਰਨ ਪਹਿਲੀ ਕੋਸ਼ਿਸ਼ ਵਿਚ ਲੈਂਡਿੰਗ ਸੰਭਵ ਨਾ ਹੋ ਸਕੀ। ਪਾਇਲਟ ਨੇ ਕੁਝ ਸਮਾਂ ਜਹਾਜ਼ ਨੂੰ ਹਵਾ ਵਿਚ ਚੱਕਰ ਲਗਵਾਇਆ ਅਤੇ ਮੌਸਮ ਵਿਚ ਸੁਧਾਰ ਆਉਣ ਤੋਂ ਬਾਅਦ ਦੂਜੀ ਕੋਸ਼ਿਸ਼ ਵਿਚ ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ। ਉਡਾਣ ਵਿਚ ਸਵਾਰ ਯਾਤਰੀ ਡਾ. ਸੰਜੀਵ ਕੁਮਾਰ ਬਖਸ਼ੀ ਨੇ ਦੱਸਿਆ ਕਿ ਪਹਿਲਾਂ ਤਕਨੀਕੀ ਖਰਾਬੀ ਅਤੇ ਫਿਰ ਖਰਾਬ ਮੌਸਮ ਕਾਰਨ ਯਾਤਰੀ ਕਾਫ਼ੀ ਚਿੰਤਤ ਹੋ ਗਏ ਸਨ। ਹਾਲਾਂਕਿ, ਚਾਲਕ ਦਲ ਵਲੋਂ ਲਗਾਤਾਰ ਜਾਣਕਾਰੀ ਦਿੱਤੀ ਜਾਂਦੀ ਰਹੀ ਅਤੇ ਸੁਰੱਖਿਅਤ ਲੈਂਡਿੰਗ ਤੋਂ ਬਾਅਦ ਸਾਰੇ ਯਾਤਰੀਆਂ ਨੇ ਰਾਹਤ ਮਹਿਸੂਸ ਕੀਤੀ। ਹਲਵਾਰਾ ਹਵਾਈ ਅੱਡੇ ਦੇ ਡਾਇਰੈਕਟਰ ਜੰਗੀਰ ਸਿੰਘ ਨੇ ਕਿਹਾ ਕਿ ਖ਼ਰਾਬ ਮੌਸਮ ਕਾਰਨ ਉਡਾਣ ਦੀ ਲੈਂਡਿੰਗ ਵਿਚ ਕੁਝ ਦੇਰੀ ਹੋਈ। ਉਨ੍ਹਾਂ ਦੱਸਿਆ ਕਿ ਅਜਿਹੇ ਹਾਲਾਤਾਂ ਵਿਚ ਸੁਰੱਖਿਆ ਨੂੰ ਪਹਿਲ ਦਿੱਤੀ ਜਾਂਦੀ ਹੈ, ਇਸ ਲਈ ਕਈ ਵਾਰ ਲੈਂਡਿੰਗ ਵਿਚ ਦੇਰੀ ਹੋ ਜਾਣਾ ਆਮ ਗੱਲ ਹੈ।