ਚੰਡੀਗੜ੍ਹ, 8 ਜੁਲਾਈ (ਅਜੀਤ ਬਿਊਰੋ)-ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਦਾ ਵਿਰੋਧ ਕਰਨ ਵਾਲਾ, ਰਾਮ ਮੰਦਰ ਦੀ ਜਗ੍ਹਾ ਹਸਪਤਾਲ ਬਣਾਉਣ ਦੀ ਗੱਲ ਕਰਨ ਵਾਲਾ ਅਰਵਿੰਦ ਕੇਜਰੀਵਾਲ ਦੇ ਮੂੰਹੋਂ ਮੰਦਰ ਬਣਾਉਣ ਦੀ ਗੱਲ ਸ਼ੋਭਾ ਨਹੀਂ ਦਿੰਦੀ। ਇਹ ਸਿਰਫ਼ ਕੇਜਰੀਵਾਲ ਦਾ ‘ਚੋਣਾਵੀਂ ਹਿੰਦੂ ਪ੍ਰੇਮ’ ਦਾ ਦਿਖਾਵਾ ਹੈ।ਇਹ ਗੱਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਖਦਿਆਂ ਕਿਹਾ ਕਿ ਕੇਜਰੀਵਾਲ ਦੇ ਪੰਜਾਬ ਦੌਰੇ ਦੌਰਾਨ ਹਿੰਦੂ ਧਰਮ ਅਤੇ ਮੰਦਰਾਂ ਦੇ ਕੀਤੇ ਜਾ ਰਹੇ ਜ਼ਿਕਰ ਮਹਿਜ਼ ‘ਚੋਣਵੀਂ ਸਿਆਸਤ’ ਹੈ। ਉਨ੍ਹਾਂ ਕਿਹਾ ਕਿ ‘ਆਪ’ ਸੁਪਰੀਮੋ ਦਾ ਪੂਰਾ ਸਿਆਸੀ ਰਿਕਾਰਡ ਗਵਾਹ ਹੈ ਕਿ ਸਨਾਤਨ ਧਰਮ ਅਤੇ ਮੰਦਰ ਉਨ੍ਹਾਂ ਲਈ ਸਿਰਫ਼ ਵੋਟਾਂ ਬਟੋਰਨ ਦਾ ਇਕ ਜ਼ਰੀਆ ਹਨ, ਜਿਸ ਦੇ ਪਾਖੰਡ ਨੂੰ ਪੰਜਾਬ ਦੇ ਸੂਝਵਾਨ ਲੋਕ ਹੁਣ ਚੰਗੀ ਤਰ੍ਹਾਂ ਸਮਝ ਚੁੱਕੇ ਹਨ।ਢਿੱਲੋਂ ਨੇ ਕਿਹਾ ਕਿ ਜੋ ਵਿਅਕਤੀ ਅਯੁੱਧਿਆ ਵਿਖੇ ਸ੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਇਤਿਹਾਸਕ ਅਤੇ ਪਵਿੱਤਰ ਸਮਾਗਮ ਵਿੱਚ ਜਾਣ ਤੋਂ ਪਾਸਾ ਵੱਟ ਗਿਆ ਸੀ, ਉਹ ਅੱਜ ਪੰਜਾਬ ਦੀ ਧਰਤੀ ‘ਤੇ ਆ ਕੇ ਹਿੰਦੂ ਭਾਈਚਾਰੇ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।