ਕੁਹਾੜਾ (ਖੰਨਾ), 27 ਜੁਲਾਈ (ਸੰਦੀਪ ਸਿੰਘ ਕੁਹਾੜਾ)-ਮੁੱਖ ਮੰਤਰੀ ਭਗਵੰਤ ਮਾਨ ਨੇ ਜਪਾਨ ਦੀ ਆਈਚੀ ਸਟੀਲ ਦੀ ਭਾਈਵਾਲੀ ਨਾਲ ਵਰਧਮਾਨ ਸਪੈਸ਼ਲ ਸਟੀਲਜ਼ ਵਲੋਂ ਸਥਾਪਤ ਕੀਤੇ ਜਾ ਰਹੇ ਦੇਸ਼ ਦੇ ਆਪਣੀ ਕਿਸਮ ਦੇ ਪਹਿਲੇ 1,116 ਕਰੋੜ ਦੇ ਫੋਰਜਿੰਗ ਅਤੇ ਮਸ਼ੀਨਿੰਗ ਯੂਨਿਟ ਦਾ ਨੀਂਹ ਪੱਥਰ ਕੁਹਾੜਾ ਵਿਖੇ ਰੱਖਿਆ। ਉਨ੍ਹਾਂ ਨੇ ਇਸ ਨੂੰ ਪੰਜਾਬ ਦੇ ਉਦਯੋਗਿਕ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵੱਲ ਵੱਡਾ ਹੁਲਾਰਾ ਦੱਸਿਆ। ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਵਰਧਮਾਨ-ਆਈਚੀ ਦੇ ਪ੍ਰਾਜੈਕਟ ਦੇ ਭਵਿੱਖੀ ਵਿਸਥਾਰ ਨਾਲ ਹੋਰ 2,000 ਲੋਕਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਕੰਪਨੀਆਂ ਵਲੋਂ ਪੰਜਾਬ ਦੇ ਸਾਜ਼ਗਾਰ ਉਦਯੋਗਿਕ ਮਾਹੌਲ ਨੂੰ ਦੇਖਦਿਆਂ ਨਿਵੇਸ਼ ਨੂੰ 500 ਕਰੋੜ ਰੁਪਏ ਦੇ ਸ਼ੁਰੂਆਤੀ ਸਮਝੌਤੇ ਤੋਂ ਵਧਾ ਕੇ 1,116 ਕਰੋੜ ਰੁਪਏ ਕੀਤਾ ਗਿਆ ਹੈ, ਜੋ ਸੂਬੇ ਦੀਆਂ ਉਦਯੋਗ-ਪੱਖੀ ਨੀਤੀਆਂ ਵਿਚ ਵਧ ਰਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਇਹ ਪਲਾਂਟ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਲਈ ਉੱਚ-ਮੁੱਲ ਵਾਲੇ ਆਟੋਮੋਬਾਇਲ ਪਾਰਟਸ ਦਾ ਨਿਰਮਾਣ ਕਰੇਗਾ। ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਇਹ ਪ੍ਰਾਜੈਕਟ ਪੰਜਾਬ ਦੇ ਉਦਯੋਗਿਕ ਖੇਤਰ ਲਈ ਨਵੇਂ ਯੁੱਗ ਦੀ ਸ਼ੁਰੂਆਤ ਹੈ ਅਤੇ ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਨਾਲ 500 ਤੋਂ ਵੱਧ ਨੌਜਵਾਨਾਂ ਨੂੰ ਸਿੱਧਾ ਰੋਜ਼ਗਾਰ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਵਰਧਮਾਨ ਨਾ ਸਿਰਫ਼ ਮੋਹਰੀ ਉਦਯੋਗਿਕ ਗਰੁੱਪ ਹੈ, ਸਗੋਂ ਪੰਜਾਬ ਦੀ ਵਿਕਾਸ ਗਾਥਾ ਦਾ ਮਹੱਤਵਪੂਰਨ ਹਿੱਸਾ ਵੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਦਸੰਬਰ 2025 ਵਿਚ ਜਪਾਨ ਦੌਰੇ ਦੌਰਾਨ ਨਾਗੋਆ ਵਿਚ ਆਈਚੀ ਸਟੀਲ ਨਾਲ ਹੋਈ ਮੁਲਾਕਾਤ ਦੌਰਾਨ ਵਰਧਮਾਨ ਅਤੇ ਆਈਚੀ ਸਟੀਲ ਵਿਚਕਾਰ ਪੰਜਾਬ ਵਿਚ ਲਗਭਗ 500 ਕਰੋੜ ਦੇ ਨਿਵੇਸ਼ ਨਾਲ ਪਲਾਂਟ ਲਗਾਉਣ ਲਈ ਸਮਝੌਤਾ ਹੋਇਆ ਸੀ, ਜੋ ਕੁੱਝ ਹੀ ਮਹੀਨਿਆਂ ਵਿਚ ਹਕੀਕਤ ਬਣ ਗਿਆ। ਇਹ ਨੀਤੀ ਨੂੰ ਅਮਲ ਵਿਚ ਲਿਆਉਣ ਅਤੇ ਵਾਅਦਿਆਂ ਨੂੰ ਹਕੀਕਤ ਬਣਾਉਣ ਦਾ ਸਪਸ਼ਟ ਸਬੂਤ ਹੈ, ਜਿਸ ਅਧੀਨ ਦੋ ਪੜਾਅ ਵਿਚ ਲਗਭਗ 1,100 ਕਰੋੜ ਦਾ ਨਿਵੇਸ਼ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਜਪਾਨੀ ਆਧੁਨਿਕ ਫੋਰਜਿੰਗ ਤਕਨਾਲੋਜੀ ਲਿਆ ਕੇ ਉੱਚ-ਮੁੱਲ ਵਾਲੇ ਆਟੋਮੋਬਾਇਲ ਪਾਰਟਸ ਤਿਆਰ ਕਰੇਗਾ, ਜੋ ਭਾਰਤ ਨਾਲ ਨਾਲ ਯੂਰਪ, ਅਫ਼ਰੀਕਾ ਅਤੇ ਮੈਕਸੀਕੋ ਦੇ ਬਾਜ਼ਾਰਾਂ ਵਿਚ ਭੇਜੇ ਜਾਣਗੇ। ਇਸ ਨਾਲ ਪੰਜਾਬ ਸਿਰਫ਼ ਸਟੀਲ ਉਤਪਾਦਨ ਤੱਕ ਸੀਮਤ ਨਹੀਂ ਰਹੇਗਾ, ਸਗੋਂ ਤਿਆਰ ਪਾਰਟਸ ਨਿਰਮਾਣ ਵੱਲ ਵੱਡੀ ਛਾਲ ਮਾਰੇਗਾ ਅਤੇ ਲੁਧਿਆਣਾ ਦੀ ਪਹਿਚਾਣ ਇੱਕ ਮਜ਼ਬੂਤ ਇੰਜੀਨੀਅਰਿੰਗ ਅਤੇ ਆਟੋ ਪਾਰਟਸ ਹੱਬ ਵਜੋਂ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਨੇ ‘ਵਨ-ਆਫਿਸ, ਵਨ ਪੋਰਟਲ’ ਅਤੇ ‘ਸਿੰਗਲ ਵਿੰਡੋ-ਸਿੰਗਲ ਪੈੱਨ’ ਪ੍ਰਣਾਲੀ ਲਾਗੂ ਕਰ ਕੇ ਨਿਵੇਸ਼ਕਾਂ ਲਈ ਸਾਰੇ ਕੰਮ ਇੱਕੋ ਥਾਂ ‘ਤੇ ਆਸਾਨ ਬਣਾਏ ਹਨ। ‘ਇਨਵੈਸਟ ਪੰਜਾਬ’ ਅਤੇ ‘ਫਾਸਟ ਟਰੈਕ ਪੰਜਾਬ ਪੋਰਟਲ’ ਰਾਹੀਂ ਆਨਲਾਈਨ ਅਰਜ਼ੀਆਂ, ਫ਼ੀਸ ਭੁਗਤਾਨ ਅਤੇ ਮਨਜ਼ੂਰੀਆਂ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ 45 ਦਿਨਾਂ ਵਿਚ ਮਨਜ਼ੂਰੀਆਂ ਅਤੇ ਆਟੋ-ਡੀਮਡ ਪ੍ਰਕਿਰਿਆ ਨਾਲ ਦੇਰੀ ਘਟੀ ਹੈ ਤੇ ਪਾਰਦਰਸ਼ਤਾ ਵਧੀ ਹੈ। ਇਸ ਨਾਲ ਪੰਜਾਬ ਵਿਚ ਲਗਭਗ 1.78 ਲੱਖ ਕਰੋੜ ਦਾ ਨਿਵੇਸ਼ ਆਇਆ ਹੈ, ਜਿਸ ਨਾਲ ਕਰੀਬ 6 ਲੱਖ ਰੁਜ਼ਗਾਰ ਦੇ ਮੌਕੇ ਬਣ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਅਸੀਂ ਨਿਰੰਤਰ ਯਤਨਾਂ ਰਾਹੀਂ ਉਦਯੋਗਾਂ ਦਾ ਵਿਸ਼ਵਾਸ ਬਹਾਲ ਕੀਤਾ ਹੈ ਅਤੇ ਪੰਜਾਬ ਨੂੰ ਉਦਯੋਗਿਕ ਵਿਕਾਸ ਵਿਚ ਮੋਹਰੀ ਬਣਾਇਆ ਹੈ। ਇਸ ਮੌਕੇ ਕੈਬਿਨਟ ਮੰਤਰੀ ਅਮਨ ਅਰੋੜਾ, ਮੰਤਰੀ ਹਰਦੀਪ ਸਿੰਘ ਮੁੰਡੀਆਂ ਵੀ ਹਾਜ਼ਰ ਸਨ।
ਮੁੱਖ ਮੰਤਰੀ ਨੇ 1,116 ਕਰੋੜ ਦੇ ਵਰਧਮਾਨ-ਆਈਚੀ ਸਟੀਲ ਫੋਰਜਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ
ਅਜੀਤ ਡੈਸਕ
28-07-2026