ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ), 27 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਕਿਹਾ ਕਿ ਮਹਾਨ ਸੁਤੰਤਰਤਾ ਸੈਨਾਨੀ ਅਤੇ ਅਮਰ ਸ਼ਹੀਦ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸ਼ਹੀਦੀ ਸਮਾਗਮ 31 ਜੁਲਾਈ ਨੂੰ ਸੁਨਾਮ ਦੀ ਅਨਾਜ ਮੰਡੀ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਰਾਜ ਪੱਧਰੀ ਸਮਾਗਮ ਦੀ ਅਗਵਾਈ ਕਰਨਗੇ। ਉਨ੍ਹਾਂ ਦੇ ਨਾਲ ਪੰਜਾਬ ਮੰਤਰੀ ਮੰਡਲ ਦੇ ਮੈਂਬਰ, ਵਿਧਾਇਕ, ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂ ਵੀ ਹਾਜ਼ਰ ਰਹਿਣਗੇ। ਇਸ ਮੌਕੇ ਹਰ ਵਰਗ ਨਾਲ ਸਬੰਧਤ ਹਜ਼ਾਰਾਂ ਲੋਕ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸੁਨਾਮ ਪਹੁੰਚਣਗੇ। ਅਮਨ ਅਰੋੜਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਜੀਵਨ ਦੇਸ਼-ਭਗਤੀ, ਬਹਾਦਰੀ ਅਤੇ ਕੁਰਬਾਨੀ ਦੀ ਅਦੁੱਤੀ ਮਿਸਾਲ ਹੈ। ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦਾ ਬਦਲਾ ਲੈ ਕੇ ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਨੰ ਨਵੀਂ ਦਿਸ਼ਾ ਦਿੱਤੀ। ਪੰਜਾਬ ਸਰਕਾਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਮਹਾਨ ਸ਼ਹੀਦਾਂ ਦੇ ਇਤਿਹਾਸ ਅਤੇ ਆਦਰਸ਼ਾਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।ਕੈਬਨਿਟ ਮੰਤਰੀ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਦੇ ਨਾਂਅ ‘ਤੇ ਵਿਸ਼ਵ ਪੱਧਰੀ ਸਕਿੱਲ ਯੂਨੀਵਰਸਿਟੀ ਸਥਾਪਤ ਕਰਨ ਦਾ ਸੁਪਨਾ ਹੁਣ ਹਕੀਕਤ ਦਾ ਰੂਪ ਧਾਰ ਰਿਹਾ ਹੈ। ਕਪੂਰਥਲਾ ਵਿਖੇ 32 ਏਕੜ ਰਕਬੇ ਵਿਚ ਲਗਭਗ ਰੁਪਏ 500 ਕਰੋੜ ਦੀ ਲਾਗਤ ਨਾਲ ਉਸਾਰੀ ਅਧੀਨ ਸ਼ਹੀਦ ਊਧਮ ਸਿੰਘ ਸਕਿੱਲ ਯੂਨੀਵਰਸਿਟੀ ਦਾ ਨਿਰਮਾਣ ਕੰਮ ਤੇਜ਼ੀ ਨਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ 31 ਜੁਲਾਈ ਨੂੰ ਰਾਜ ਪੱਧਰੀ ਸਮਾਗਮ ਦੌਰਾਨ ਇਸ ਯੂਨੀਵਰਸਿਟੀ ਲਈ ਚਾਰ ਨਾਮਵਰ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਨਾਲ ਸਮਝੌਤੇ (ਐੱਮ.ਓ.ਯੂ.) ‘ਤੇ ਦਸਤਖ਼ਤ ਕੀਤੇ ਜਾਣਗੇ। ਇਨ੍ਹਾਂ ਸਮਝੌਤਿਆਂ ਨਾਲ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮਿਆਰ ਦੀ ਸਿੱਖਿਆ, ਖੋਜ, ਫੈਕਲਟੀ ਐਕਸਚੇਂਜ, ਆਧੁਨਿਕ ਤਕਨੀਕੀ ਸਿਖਲਾਈ ਅਤੇ ਵਿਦੇਸ਼ੀ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਾਪਤ ਹੋਣਗੇ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਯੋਗਤਾ ਅਨੁਸਾਰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸੇ ਉਦੇਸ਼ ਨਾਲ ਉਦਯੋਗ ਅਤੇ ਵਣਜ ਵਿਭਾਗ ਅਤੇ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਸਾਂਝੇ ਉਪਰਾਲੇ ਨਾਲ ਕਲੱਸਟਰ ਆਧਾਰਿਤ ਮੈਗਾ ਰੁਜ਼ਗਾਰ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੁਨਾਮ ਵਿਖੇ ਕਰਵਾਏ ਗਏ ਪਹਿਲੇ ਕਲੱਸਟਰ ਆਧਾਰਿਤ ਮੈਗਾ ਰੁਜ਼ਗਾਰ ਕੈਂਪ ਨੂੰ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਜਿੱਥੇ ਲਗਭਗ 1200 ਨੌਜਵਾਨਾਂ ਨੂੰ ਵੱਖ-ਵੱਖ ਨਾਮਵਰ ਕੰਪਨੀਆਂ ਵੱਲੋਂ ਰੁਜ਼ਗਾਰ ਅਤੇ ਸਕਿਲਿੰਗ ਦੇ ਮੌਕੇ ਪ੍ਰਦਾਨ ਕੀਤੇ ਗਏ। ਇਸ ਮੌਕੇ ਅਮਨ ਅਰੋੜਾ ਨੇ 31 ਜੁਲਾਈ ਨੂੰ ਹੋਣ ਵਾਲੇ ਰਾਜ ਪੱਧਰੀ ਸ਼ਹੀਦੀ ਸਮਾਗਮ ਦਾ ਅਧਿਕਾਰਤ ਪੋਸਟਰ ਜਾਰੀ ਕੀਤਾ ਅਤੇ ਸਮੂਹ ਪੰਜਾਬ ਵਾਸੀਆਂ ਨੂੰ ਆਪਣੇ ਪਰਿਵਾਰਾਂ ਸਮੇਤ ਸੁਨਾਮ ਦੀ ਅਨਾਜ ਮੰਡੀ ਵਿਖੇ ਪਹੁੰਚ ਕੇ ਮਹਾਨ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਅਤੇ ਉਨ੍ਹਾਂ ਦੇ ਆਦਰਸ਼ਾਂ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਕੰਬੋਜ ਭਾਈਚਾਰੇ ਦੇ ਨੁਮਾਇੰਦੇ ਜਗਦੀਪ ਸਿੰਘ ਹਰਜਿੰਦਰ ਸਿੰਘ ਹਾਂਡਾ ਸਪੋਕਸਮੈਨ ਕੰਬੋਜ ਫਾਊਂਡੇਸ਼ਨ ਅਤੇ ਹਰਦਿਆਲ ਸਿੰਘ ਕੰਬੋਜ ਮੀਤ ਪ੍ਰਧਾਨ ਕੰਬੋਜ ਫਾਊਂਡੇਸ਼ਨ ਦੀ ਅਗਵਾਈ ਵਿਚ ਪੋਸਟਰ ਰਿਲੀਜ਼ ਮੌਕੇ ਗਿਆਨੀ ਜੰਗੀਰ ਸਿੰਘ ਰਤਨ, ਕੇਸਰ ਸਿੰਘ ਢੋਟ, ਰਿੰਪੀ ਐਮ. ਸੀ. ਬਿੱਟੂ ਐਮ. ਸੀ. ਪ੍ਰਿਤਪਾਲ ਸਿੰਘ ਕਾਲਾ ਐਮ. ਸੀ. ਪ੍ਰਭਸ਼ਰਨ ਸਿੰਘ ਬੱਬੂ ਸਾਬਕਾ ਐਮ.ਸੀ., ਸਰਪੰਚ ਜਗਤਾਰ ਸਿੰਘ, ਡਾ. ਮਲਕੀਤ ਸਿੰਘ, ਦਰਸ਼ਨ ਸਿੰਘ ਮਹਰੋਕ, ਰਘਵੀਰ ਸਿੰਘ ਜੋਸ਼ਨ, ਨਰਿੰਦਰ ਸਿੰਘ, ਕਾਲਾ ਨੂਗਰੀ ਅਤੇ ਗੁਰਪ੍ਰੀਤ ਢੋਟ ਹਾਜ਼ਰ ਸਨ।
ਸੁਨਾਮ ਦੀ ਅਨਾਜ ਮੰਡੀ ’ਚ 31 ਨੂੰ ਸ਼ਹੀਦ ਊਧਮ ਸਿੰਘ ਦਾ ਰਾਜ ਪੱਧਰੀ ਸ਼ਹੀਦੀ ਸਮਾਗਮ ਮਨਾਇਆ ਜਾਵੇਗਾ-ਅਮਨ ਅਰੋੜਾ
ਅਜੀਤ ਡੈਸਕ
28-07-2026